ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਸੂਬੇ ਵਿੱਚ ਚਲਾਈ ਗਈ ਮੁਹਿੰਸ

ਚੰਡੀਗੜ੍ਹ. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸਾਂ ‘ਚ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਵੀਡੀਓ/ਆਡੀਓ ਕਲਿੱਪ ਚਲਾਉਣ ‘ਤੇ ਰੋਕ ਲਾਉਣ ਲਈ ਪੰਜ ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ 7 ਤੋਂ 11 ਫਰਵਰੀ ਸਾਰੀਆਂ ਖੇਤਰੀ ਟਰਾਂਸਪੋਰਟ ਅਥਾਰਟੀਆਂ (ਆਰ.ਟੀ.ਏਜ਼) ਵੱਲੋਂ ਟਰਾਂਸਪੋਟਰਾਂ ਨੂੰ ਮੀਟਿੰਗਾਂ ਕਰਕੇ ਬੱਸਾਂ ਵਿੱਚ ਲੱਚਰ/ਅਸ਼ਲੀਲ ਗਾਣੇ ਵਜਾਉਣ ਨਾਲ ਨੌਜਵਾਨਾਂ ਦੇ ਮਨਾਂ ‘ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਹ ਚੀਜ਼ਾਂ ਨੌਜਵਾਨਾਂ ਨੂੰ ਭਟਕਾ ਕੇ ਅਜਿਹੇ ਅਸ਼ਲੀਲ/ਲੱਚਰ ਗਾਣਿਆਂ ਰਾਹੀਂ ਫੈਲਾਈ ਜਾ ਰਹੀ ਹਿੰਸਾ ਅਤੇ ਬੰਦੂਕ ਸੱਭਿਆਚਾਰ ਵੱਲ ਜਾਣ ਲਈ ਉਤਸ਼ਾਹਿਤ ਕਰਦੀਆਂ ਹਨ। ਟੀਮਾਂ ਨੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਮੁਹਿੰਮ ਦੌਰਾਨ 509 ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 212 ਬੱਸਾਂ ਅਜਿਹੇ ਨਿਯਮਾਂ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ ਅਤੇ ਇਹਨਾਂ ਦੇ ਚਲਾਨ ਕੱਟੇ ਗਏ।

ਐਸਡੀਐਮਜ਼ ਅਤੇ ਆਰਟੀਏ ਦੇ ਸਕੱਤਰ ਨੂੰ ਦਿੱਤੇ ਗਏ ਹਨ ਵਿਸ਼ੇਸ਼ ਨਿਰਦੇਸ਼

ਬੁਲਾਰੇ ਨੇ ਦੱਸਿਆ ਕਿ ਅਜਿਹੀਆਂ ਮੁਹਿੰਮਾਂ ਭਵਿੱਖ ਵਿੱਚ ਵੀ ਜ਼ੋਰਦਾਰ ਢੰਗ ਨਾਲ ਚਲਾਈਆਂ ਜਾਣਗੀਆਂ। ਇਸ ਸੰਬੰਧੀ ਐਸਡੀਐਮਜ਼ ਅਤੇ ਆਰਟੀਏ ਦੇ ਸਕੱਤਰ ਨੂੰ ਪਹਿਲਾਂ ਹੀ ਇਸ ਮੁੱਦੇ ਨੂੰ ਆਪਣੀ ਰੋਜ਼ਾਨਾ ਚੈਕਿੰਗ ਦੌਰਾਨ ਤਰਜੀਹ ਦੇ ਅਧਾਰ ‘ਤੇ ਹੱਲ ਕਰਨ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਇਸ ਸਬੰਧੀ ਮਹੀਨਾਵਾਰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ। ਕਾਬਿਲੇਗੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਣਿਆਂ ਵਿੱਚ ਹਿੰਸਾ ਅਤੇ ਹਥਿਆਰਾਂ ਦੇ ਪ੍ਰਚਾਰ ਦੇ ਵਧ ਰਹੇ ਰੁਝਾਨ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਸ਼ੋਸਲ ਮੀਡੀਆ ਉੱਤੇ ਅਪਲੋਡ ਕੀਤੀ ਇੱਕ ਵੀਡੀਓ ਕਲਿੱਪ ਰਾਹੀਂ ਹਿੰਸਾ ਦੇ ਪ੍ਰਚਾਰ ਲਈ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਅਤੇ ਮਨਕੀਰਤ ਔਲਖ ਖਿਲਾਫ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਲਈ ਉਕਸਾਉਣ ਵਾਲੀਆਂ ਫਿਲਮਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ‘ਤੇ ਅਧਾਰਤ ਫਿਲਮ ‘ਸ਼ੂਟਰ’ ‘ਤੇ ਵੀ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ, ਪੰਜਾਬ ਪੁਲਿਸ ਨੇ ਨਿਰਮਾਤਾ/ਪ੍ਰਮੋਟਰ ਕੇ.ਵੀ. ਸਿੰਘ ਢਿੱਲੋਂ ਅਤੇ ਹੋਰਾਂ ਵਿਰੁੱਧ ਹਿੰਸਾ, ਘਿਨਾਉਣੇ ਜੁਰਮਾਂ, ਗੈਂਗਸਟਰਵਾਦ, ਨਸ਼ਾਖੋਰੀ, ਡਰਾਉਣਾ-ਧਮਕਾਉਣਾ ਅਤੇ ਅਪਰਾਧਿਕ ਧਮਕੀਆਂ ਨੂੰ ਉਤਸ਼ਾਹਿਤ ਕਰਨ ਲਈ ਕੇਸ ਵੀ ਦਰਜ ਕੀਤਾ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।