ਕੈਪਟਨ ਨੇ ਫਿਰ ਕੀਤਾ ਦਾਅਵਾ- ਅਪ੍ਰੈਲ 2017 ਤੋਂ ਹੁਣ ਤੱਕ 12 ਲੱਖ ਨੌਕਰੀਆਂ ਦਿੱਤੀਆਂ, ਜਾਣੋ ਵੇਰਵਾ

0
478

ਚੰਡੀਗੜ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੱਲੋਂ ਸੂਬੇ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਕੀਤੇ ਦਾਅਵਿਆਂ ਨੂੰ ਸਬੂਤਾਂ ਸਮੇਤ ਜਾਰੀ ਕੀਤਾ ਹੈ। ਅਕਾਲੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਹੁਣ ਅਕਾਲੀ ਆਗੂ ਸੂਬੇ ਦੇ ਲੋਕਾਂ ਨੂੰ ਬੇਸ਼ਰਮੀ ਨਾਲ ਝੂਠ ਬੋਲ ਕੇ ਗੁੰਮਰਾਹ ਕਰਨ ਬਦਲੇ ਮੁਆਫੀ ਮੰਗਣ।

ਮੁੱਖ ਮੰਤਰੀ ਨੇ ਆਂਕੜਿਆਂ ਨਾਲ ਅਸਲ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਅਸਲ ਵਿੱਚ 1 ਅਪਰੈਲ 2017 ਤੋਂ ਹੁਣ ਤੱਕ ਰੋਜ਼ਗਾਰ ਦੇ ਪੈਦਾ ਕੀਤੇ ਮੌਕਿਆਂ ਦਾ ਡਾਟਾ 11 ਲੱਖ ਤੋਂ ਵੀ ਵੱਧ ਹੈ। ਜਿਸ ਬਾਰੇ ਉਹਨਾਂ ਨੇ ਦਿੱਲੀ ਵਿੱਚ ਕਾਂਗਰਸੀ ਉਮੀਦਵਾਰ ਲਈ ਪ੍ਰਚਾਰ ਕਰਦਿਆਂ ਖੁਲਾਸਾ ਕੀਤਾ ਸੀ। ਉਹਨਾਂ ਨੇ ਕਿਹਾ ਕਿ ਸਰਕਾਰੀ ਤੌਰ ਉਤੇ ਉਹਨਾਂ ਕੋਲ ਉਪਲੱਬਧ ਜਾਣਕਾਰੀ ਅਨੁਸਾਰ 1 ਅਪ੍ਰੈਲ, 2017 ਤੋਂ 31 ਦਸੰਬਰ, 2019 ਤੱਕ 57,905 ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਗਈਆਂ ਜਦਕਿ 3,96,775 ਨੌਜਵਾਨਾਂ ਦੀ ਪ੍ਰਾਈਵੇਟ ਤੌਰ ਉਤੇ ਪਲੇਸਮੈਂਟ ਕਰਵਾਈ ਗਈ ਅਤੇ 7,61,289 ਨੂੰ ਉਹਨਾਂ ਦੀ ਸਰਕਾਰ ਵੱਲੋਂ ਸਵੈ ਰੋਜ਼ਗਾਰ ਤਹਿਤ ਮੱਦਦ ਮੁਹੱਈਆ ਕਰਵਾਈ ਗਈ।

ਮੁੱਖ ਮੰਤਰੀ ਨੇ ਕਿਹਾ, ਉਕਤ ਕੁੱਲ ਵੇਰਵਿਆਂ ਦਾ ਜੋੜ 12,15,969 ਬਣਦਾ ਹੈ ਜੋ ਕਿ ਦਿੱਲੀ ਪ੍ਰਚਾਰ ਦੌਰਾਨ ਮੇਰੇ ਵੱਲੋਂ ਕਹੇ 11 ਲੱਖ ਦੇ ਆਂਕੜੇ ਤੋਂ ਵੀ ਵੱਧ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ 20,21,568 ਘਰਾਂ ਨੂੰ ਮਨਰੇਗਾ ਸਕੀਮ ਤਹਿਤ ਰੋਜ਼ਗਾਰ ਦਿੱਤਾ ਗਿਆ, ਜਿਸਦੇ ਤਹਿਤ 648.26 ਲੱਖ ਰੁਪਏ ਅਦਾ ਹੋਏ। ਮੁੱਖ ਮੰਤਰੀ ਨੇ ਅਕਾਲੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ 10 ਸਾਲ ਦੇ ਕੁਸ਼ਾਸਨ ਦੌਰਾਨ ਨੌਜਵਾਨਾਂ ਲਈ ਪੈਦਾ ਕੀਤੇ ਰੋਜ਼ਗਾਰ ਦੇ ਆਂਕੜੇ ਵੀ ਪੇਸ਼ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸੂਬੇ ਦੇ ਹੋਰ ਯੋਗ ਨੌਜਵਾਨ ਨੂੰ ਨੌਕਰੀ ਦੇਣ ਲਈ ਵਚਨਬੱਧ ਹੈ, ਜਿਸ ਲਈ ਮਹੱਤਵਪੂਰਨ ਯੋਜਨਾ ‘ਘਰ ਘਰ ਰੋਜ਼ਗਾਰ’ ਸਫਲਤਾ ਨਾਲ ਸ਼ੁਰੂ ਕੀਤੀ ਗਈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।