ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਏ.ਐਸ.ਆਈ. ਹਰਜੀਤ ਸਿੰਘ ਜਿਸ ਦਾ ਕੱਲ ਪਟਿਆਲਾ ਵਿਖੇ ਹਮਲੇ ਵਿੱਚ ਹੱਥ ਵੱਢਿਆ ਗਿਆ ਸੀ, ਨਾਲ ਗੱਲਬਾਤ ਕਰ ਕੇ ਉਸ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਅਤੇ ਉਸ ਨੂੰ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।

ਮੁੱਖ ਮੰਤਰੀ ਨੇ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਹਰਜੀਤ ਸਿੰਘ ਦੀ ਸਫਲ ਪਲਾਸਿਟਕ ਸਰਜਰੀ ਉਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਗੱਲ ਉਤੇ ਪੂਰਾ ਵਿਸ਼ਵਾਸ ਪ੍ਰਗਟਾਇਆ ਕਿ ਉਹ ਇਸ ਮੰਦਭਾਗੇ ਹਾਦਸੇ ਤੋਂ ਉਭਰਦਾ ਹੋਇਆ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਿਹਤਯਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਨੂੰ ਉਸ ਉਤੇ ਮਾਣ ਹੈ। ਏ.ਐਸ.ਆਈ. ਦਾ ਹੌਸਲਾ ਵਧਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਸਾਥੀ ਦਾ ਇਹੋ ਜਿਹਾ ਤਜ਼ਰਬਾ ਸਾਂਝਾ ਕੀਤਾ ਜਿਸ ਨੇ ਆਪਣਾ ਹੱਥ ਗੁਆ ਲਿਆ ਸੀ ਅਤੇ ਇਸੇ ਤਰ੍ਹਾਂ ਦੀ ਸਰਜਰੀ ਵਿੱਚੋਂ ਗੁਜ਼ਰਿਆ ਸੀ। ਉਨ੍ਹਾਂ ਹਰਜੀਤ ਸਿੰਘ ਨੂੰ ਦੱਸਿਆ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ‘ਤੇ ਬਿਨਾਂ ਕਿਸੇ ਕਾਰਨ ਤੋਂ ਬੇਰਹਿਮੀ ਨਾਲ ਹੋਏ ਹਮਲੇ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੀ.ਜੀ.ਆਈ. ਦੇ ਡਾਇਰੈਕਟਰ ਡਾ.ਜਗਤ ਰਾਮ ਅੱਜ ਸਵੇਰੇ ਏ.ਐਸ.ਆਈ. ਨੂੰ ਮਿਲੇ ਅਤੇ ਬਾਅਦ ਵਿੱਚ ਦੱਸਿਆ ਕਿ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਰਮੇਸ਼ ਸ਼ਰਮਾ ਦੀ ਅਗਵਾਈ ਵਿੱਚ ਡਾਕਟਰਾਂ ਦੀ ਇੱਕ ਟੀਮ ਨੇ ਹਰਜੀਤ ਸਿੰਘ ਦੀ ਜਾਂਚ ਕੀਤੀ।

ਉਨ੍ਹਾਂ ਨੇ ਮਰੀਜ਼ ਦੀ ਹਾਲਤ ਨੂੰ ਸਥਿਰ ਦੱਸਿਆ ਪਰ ਜ਼ਿਆਦਾ ਲੋਕਾਂ ਨੂੰ ਨਾ ਮਿਲਣ ਸਬੰਧੀ ਸਾਵਧਾਨ ਕੀਤਾ ਅਤੇ ਕਿਹਾ ਕਿ ਇਸ ਸਮੇਂ ਸਿਰਫ ਉਨ੍ਹਾਂ ਦੀ ਪਤਨੀ ਨੂੰ ਹੀ ਦਿਨ ਵਿਚ ਇਕ ਵਾਰ ਮਿਲਣ ਦੀ ਆਗਿਆ ਹੈ। ਗੁਪਤਾ ਨੇ ਅੱਗੇ ਦੱਸਿਆ ਕਿ ਹਮਲੇ ਸਬੰਧੀ ਗ੍ਰਿਫਤਾਰ ਕੀਤੇ ਗਏ ਸਾਰੇ 11 ਵਿਅਕਤੀਆਂ ਨੂੰ ਅੱਜ 11 ਦਿਨਾਂ ਦੀ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ।

ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।