ਚੰਡੀਗੜ੍ਹ. ਕੇਂਦਰ ਸਰਕਾਰ ਵੱਲੋਂ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੂੰ ਪਹਿਲੀ ਅਗਸਤ ਤੱਕ ਨਵੀਂ ਦਿੱਲੀ ਵਿਚਲੀ ਉਸ ਦੀ ਸਰਕਾਰੀ ਰਿਹਾਇਸ਼ ਛੱਡਣ ਦੇ ਕੀਤੇ ਹੁਕਮਾਂ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਪਿ੍ਰਅੰਕਾ ਗਾਂਧੀ ਦੀ ਸੁਰੱਖਿਆ ਨੂੰ ਦੇਖਦਿਆਂ ਇਹ ਹੁਕਮ ਵਾਪਸ ਲੈਣੇ ਚਾਹੀਦੇ ਹਨ।
ਪ੍ਰਿਅੰਕਾਂ ਨੂੰ ਸਰਕਾਰੀ ਰਿਹਾਇਸ਼ ਛੱਡਣ ਲਈ ਕੀਤੇ ਹੁਕਮਾਂ ਦੀਆਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿ੍ਰਅੰਕਾ ਗਾਂਧੀ ਕੋਲ ਹੁਣ ਐਸ.ਪੀ.ਜੀ. ਕਵਰ ਵੀ ਨਹੀਂ ਹੈ ਜਿਸ ਕਰਕੇ ਉਹ ਸਰਕਾਰੀ ਰਿਹਾਇਸ਼ ਦੀ ਹੱਕਦਾਰ ਸੀ। ਉਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਪਿ੍ਰਅੰਕਾ ਨੂੰ ਖਤਰੇ ਦੇ ਮੱਦੇਨਜ਼ਰ ਐਸ.ਪੀ.ਜੀ. ਕਵਰ ਦੇ ਨਾਲ ਉਨਾਂ ਦੀ ਸਰਕਾਰੀ ਰਿਹਾਇਸ਼ ਵੀ ਬਹਾਲ ਕਰਨੀ ਚਾਹੀਦੀ ਹੈ ਕਿਉ ਜੋ ਉਨਾਂ ਨੂੰ ਗਾਂਧੀ ਪਰਿਵਾਰ ਦੇ ਮੈਂਬਰ ਹੋਣ ਕਰਕੇ ਖਤਰਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਦੇ ਵੀ ਰਾਜਸੀ ਮਤਭੇਦ ਕਿਸੇ ਵਿਅਕਤੀ ਦੀ ਸੁਰੱਖਿਆ ਦੇ ਰਾਹ ਵਿੱਚ ਨਹੀਂ ਲਿਆਉਣੇ ਚਾਹੀਦੇ ਖਾਸ ਕਰਕੇ ਅਜਿਹੇ ਪਰਿਵਾਰ ਦੇ ਮੈਂਬਰ ਲਈ ਜਿਸ ਦੇ ਦੋ ਜੀਅ ਦਹਿਸ਼ਤਗਰਦੀ ਹਮਲੇ ਵਿੱਚ ਮਾਰੇ ਗਏ ਹੋਣ। ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਸੋਨੀਆ ਗਾਂਧੀ, ਪਿ੍ਰਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਸੁਰੱਖਿਆ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਹਾਲਤਾਂ ਵਿੱਚ ਨਾ ਹੀ ਤਾਂ ਪਿ੍ਰਅੰਕਾ ਦਾ ਐਸ.ਪੀ.ਜੀ. ਕਵਰ ਰੱਦ ਕਰਨਾ ਉਚਿਤ ਬਣਦਾ ਹੈ ਅਤੇ ਨਾ ਹੀ ਉਨਾਂ ਦੀ ਸਰਕਾਰੀ ਰਿਹਾਇਸ਼ ਵਾਪਲ ਲੈਣਾ।
ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਪਿ੍ਰਅੰਕਾ ਦੀ ਸੁਰੱਖਿਆ ਨੂੰ ਲੈ ਕੇ ਕੀਤਾ ਸਮਝੌਤਾ ਕੋਈ ਵੀ ਸਿਆਸੀ ਵਿਰੋਧਾਭਾਸ ਪੈਦਾ ਕਰ ਸਕਦਾ ਖ਼ਾਸਕਰ ਉਦੋਂ ਜਦੋਂ ਇਹ ਆਦੇਸ਼ ਉਸ ਵੇਲੇ ਆਏ ਹਨ ਜਦੋਂ ਉਹ ਉੱਤਰ ਪ੍ਰਦੇਸ਼, ਖਾਸ ਕਰਕੇ ਪ੍ਰਧਾਨ ਮੰਤਰੀ ਦੇ ਸੰਸਦੀ ਹਲਕੇ ਵਾਰਾਨਸੀ ਵਿੱਚ ਕੋਵਿਡ-19 ਦੇ ਪ੍ਰਬੰਧਨ ਦੀ ਸਖਤੀ ਨਾਲ ਅਤੇ ਲਗਾਤਾਰ ਆਲੋਚਨਾ ਕਰ ਰਹੇ ਹਨ।
ਉਨਾਂ ਕਿਹਾ ਕਿ ਲੋਕਤੰਤਰ ਵਿਚ ਸਾਰੇ ਲੋਕਾਂ ਨੂੰ ਆਲੋਚਨਾ ਅਤੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਣ ਦਾ ਅਧਿਕਾਰ ਹੈ। ਉਨਾਂ ਅੱਗੇ ਕਿਹਾ ਕਿ ਇਹ ਸਿਆਸਤਦਾਨਾਂ ਉੱਤੇ ਹੋਰ ਵੀ ਵੱਧ ਢੁੱਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਵੱਲੋਂ ਉਨਾਂ ਦੀ ਸਰਕਾਰ ’ਤੇ ਲਗਾਤਾਰ ਸਿਆਸੀ ਹਮਲੇ ਕਰਨ ਦੇ ਬਾਵਜੂਦ ਉਨਾਂ ਨੇ ਨਿੱਜੀ ਤੌਰ ’ਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਬਾਦਲ ਪਰਿਵਾਰ ਦੀ ਸੁਰੱਖਿਆ ਨੂੰ ਕਿਸੇ ਵੀ ਕੀਮਤ ’ਤੇ ਦਾਅ ’ਤੇ ਨਾ ਲਾਇਆ ਜਾਵੇ। ਉਨਾਂ ਕਿਹਾ ਕਿ ਉਨਾਂ ਨੇ ਨਾ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਵਿਚ ਇਕ ਸਰਕਾਰੀ ਰਿਹਾਇਸ਼ ਦੀ ਵਰਤੋਂ ਜਾਰੀ ਰੱਖਣ ਦੀ ਪੇਸ਼ਕਸ਼ ਕੀਤੀ ਬਲਕਿ ਉਨਾਂ ਦੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਨੂੰ ਦਿੱਤੀ ਕੇਂਦਰ ਦੀ ਸੁਰੱਖਿਆ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀ ਤਾਇਨਾਤ ਕਰਨ ਦੀ ਹਮਾਇਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਸ੍ਰੀ ਬਾਦਲ ਦੀ ਸੁਰੱਖਿਆ ਲਈ ਬੁਲਟ ਪਰੂਫ ਲੈਂਡ ਕਰੂਜ਼ਰ ਅਤੇ ਵਾਹਨਾਂ ਦੇ ਪ੍ਰਬੰਧ ਕੀਤੇ ਸਨ ਅਤੇ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਮਤਭੇਦ ਦੇ ਵਿਚਾਰ ਤੋਂ ਬਿਨਾਂ ਇਹ ਸੁਰੱਖਿਆ ਜਾਰੀ ਰਹੇਗੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਸਿਆਸੀ ਬਦਲਾਖੋਰੀ ਲਈ ਆਪਣੇ ਵਿਰੋਧੀਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।