ਜਲੰਧਰ| ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀਆਂ ਖਬਰਾਂ ਸਿਰਫ ਮਾਲਵੇ ਤੋਂ ਹੀ ਆਉਂਦੀਆਂ ਸਨ, ਪਰ ਹੁਣ ਇਸਨੇ ਮਾਝਾ ਤੇ ਦੁਆਬਾ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ।

ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ ਦੇ ਦਿਓਲ ਨਗਰ ਵਿਚ 6 ਸਾਲਾ ਅਯਾਨ ਕੈਂਸਰ ਨਾਲ ਜੂਝ ਰਿਹਾ ਹੈ ਅਤੇ ਉਸਦੇ ਇਲਾਜ ‘ਤੇ ਲਗਭਗ 2 ਕਰੋੜ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ। ਇਸ ਦਾ ਇਲਾਜ ਵਿਦੇਸ਼ਾਂ ਵਿਚ ਬਣੀਆਂ ਦਵਾਈਆਂ ਨਾਲ ਹੀ ਹੋ ਸਕਦਾ ਹੈ।

ਇਸ ਸਬੰਧੀ ਅਯਾਨ ਦੇ ਪਿਤਾ ਜਤਿੰਦਰ ਨੇ ਦੱਸਿਆ ਕਿ ਅਯਾਨ ਦੀ ਉਮਰ ਕਰੀਬ 3 ਸਾਲ ਸੀ ਜਦੋਂ ਸਾਨੂੰ ਪਤਾ ਲੱਗਾ ਕਿ ਉਸਨੂੰ ਕੈਂਸਰ ਹੈ। ਅਸੀਂ ਕਈ ਥਾਵਾਂ ‘ਤੇ ਉਸ ਦਾ ਇਲਾਜ ਕਰਵਾਇਆ ਪਰ ਉਸ ਦੀ ਹਾਲਤ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਵੱਡੇ-ਵੱਡੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਉਹ ਕਹਿੰਦੇ ਹਨ ਕਿ ਇਸ ਨੂੰ ਘਰ ਲੈ ਜਾਓ ਅਤੇ ਜਿੰਨੀ ਸੇਵਾ ਹੋ ਸਕੇ ਕਰੋ। ਪਰ ਇੱਕ ਪਿਤਾ ਕਿਵੇਂ ਹਾਰ ਮੰਨ ਸਕਦਾ ਹੈ। ਅਸੀਂ ਉਸ ਨੂੰ ਬੈਂਗਲੁਰੂ ਦੇ ਇੱਕ ਹਸਪਤਾਲ ਵਿਚ ਲੈ ਗਏ, ਜਿੱਥੇ ਡਾਕਟਰ ਕਹਿ ਰਹੇ ਹਨ ਕਿ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ, ਪਰ ਇਸ ਨੂੰ ਠੀਕ ਕਰਨ ਲਈ ਜਿਹੜੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਵੇਗੀ, ਉਸ ਦੀ ਕੀਮਤ ਕਰੀਬ ਦੋ ਕਰੋੜ ਰੁਪਏ ਹੈ।

ਅਯਾਨ ਦਾ ਪਿਤਾ ਸਰਕਾਰ ਦੇ ਸਾਰੇ ਨੁਮਾਇੰਦਿਆਂ ਕੋਲ ਜਾ ਚੁੱਕਾ ਹੈ ਪਰ ਕਿਸੇ ਪਾਸਿਓਂ ਵੀ ਮਦਦ ਦੀ ਕੋਈ ਉਮੀਦ ਨਹੀਂ ਹੈ। ਅਯਾਨ ਦੀ ਮਾਂ ਮੋਨਿਕਾ ਨੇ ਕਿਹਾ ਕਿ ਜਦੋਂ ਉਹ ਜ਼ਿੱਦ ਕਰਦੀ ਹੈ ਕਿ ਮੈਂ ਵੀ ਦੂਜੇ ਬੱਚਿਆਂ ਵਾਂਗ ਖੇਡਣ ਲਈ ਬਾਹਰ ਜਾਵਾਂ ਤਾਂ ਬਹੁਤ ਦੁੱਖ ਹੁੰਦਾ ਹੈ।

ਅੰਤ ਵਿਚ ਮਦਦ ਦੀ ਗੁਹਾਰ ਲਗਾਉਂਦੇ ਹੋਏ ਅਯਾਨ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੀ ਸਲਾਮਤੀ ਲਈ ਮਦਦ ਦੀ ਗੂਹਾਰ ਲਗਾਈ ਹੈ।