ਜਲੰਧਰ, 23 ਸਤੰਬਰ| ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਵੱਧਦੇ ਤਣਾਅ ਕਾਰਨ ਮਾਪਿਆਂ ਦੇ ਨਾਲ-ਨਾਲ ਸਲਾਹਕਾਰ ਵੀ ਤਣਾਅ ‘ਚ ਆ ਗਏ ਹਨ। ਕਾਰਨ, ਜੇਕਰ ਕੈਨੇਡਾ ਸਟੱਡੀ ਵੀਜ਼ਾ ਬੰਦ ਕਰ ਦਿੰਦਾ ਹੈ ਤਾਂ ਕੰਸਲਟੈਂਸੀ ਨਾਲ ਜੁੜੇ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ।

ਇਸ ਦੇ ਮੱਦੇਨਜ਼ਰ ਕੰਸਲਟੈਂਸ ਕੈਨੇਡਾ ਐਜੂਕੇਸ਼ਨ ਫੇਅਰ ਮੁਲਤਵੀ ਕਰਨ ਲੱਗੇ ਹਨ। ਮੌਜੂਦਾ ਹਾਲਾਤ ‘ਚ ਜਨਵਰੀ 2024 ਤੇ ਮਈ 2024 ਦੇ ਇਨਟੇਕ (ਕੈਨੇਡਾ ‘ਚ ਚਾਰ ਮਹੀਨਿਆਂ ਦੇ ਸਮੈਸਟਰ ਨੂੰ ਇਨਟੇਕ ਕਿਹਾ ਜਾਂਦਾ ਹੈ) ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ।

ਅੱਜਕੱਲ੍ਹ, ਵਿਦਿਆਰਥੀ ਸਟੱਡੀ ਵੀਜ਼ਾ ਲਈ ਅਪਲਾਈ ਕਰਨ ਤੇ ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਕੋਰਸਾਂ ਦੀ ਚੋਣ ਕਰਨ ਲਈ ਐਜੂਕੇਸ਼ਨ ਕੰਸਲਟੈਂਸੀ ਦੇ ਦਫ਼ਤਰਾਂ ਦਾ ਰੁਖ਼ ਕਰਦੇ ਹਨ।

ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ਦੌਰਾਨ ਐਜੂਕੇਸ਼ਨ ਕੰਸਲਟੈਂਸੀ ਸੰਚਾਲਕ ਸਿੱਖਿਆ ਮੇਲੇ ਲਗਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਦਿੱਤੇ ਜਾਂਦੇ ਵਜ਼ੀਫ਼ਿਆਂ ਤੇ ਵੱਖ-ਵੱਖ ਅਕਾਦਮਿਕ ਸਹੂਲਤਾਂ ਬਾਰੇ ਦੱਸਦੇ ਹਨ।

ਅਕਤੂਬਰ ਦੇ ਪਹਿਲੇ ਹਫ਼ਤੇ ਹੋਣਾ ਸੀ ਕੈਨੇਡਾ ਵੀਜ਼ਾ ਫੇਅਰ

ਇਸ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਦਾਖਲੇ ਲਈ ਆਫਰ ਲੈਟਰ ਦਿੱਤੇ ਜਾਂਦੇ ਹਨ। ਇਸ ਮੇਲੇ ‘ਚ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਵੀ ਸ਼ਿਰਕਤ ਕਰਦੇ ਹਨ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੰਦੇ ਹਨ।

ਜਲੰਧਰ ਦੀਆਂ 75 ਫੀਸਦੀ ਐਜੂਕੇਸ਼ਨ ਕੰਸਲਟੈਂਸੀ ਕੈਨੇਡਾ ਸਟੱਡੀ ਵੀਜ਼ਾ ਨਾਲ ਡੀਲ ਕਰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਲਾਹਕਾਰਾਂ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਕੈਨੇਡਾ ਵੀਜ਼ਾ ਮੇਲਾ ਕਰਵਾਉਣਾ ਸੀ।