ਜਲੰਧਰ| ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਹਰ ਜ਼ਿਲ੍ਹੇ ਵਿਚ ਕੈਬਨਿਟ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਹੈ। ਇਸੇ ਲੜੀ ਤਹਿਤ ਅੱਜ ਜਲੰਧਰ ਵਿਚ ਕੈਬਨਿਟ ਮੀਟਿੰਗ ਵਿਚ ਹੋਈ। ਇਸ ਮੀਟਿੰਗ ਵਿਚ ਕਈ ਇਤਿਹਾਸਕ ਫੈਸਲੇ ਲਏ ਗਏ।

ਇਨ੍ਹਾਂ ਫੈਸਲਿਆਂ ਤਹਿਤ ਮਾਨ ਸਰਕਾਰ ਨੇ ਆਬਕਾਰੀ ਵਿਭਾਗ ਵਿਚ 18 ਨਵੀਂ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸਤੋਂ ਇਲਾਵਾ ਪਟਿਆਲਾ ਆਯੁਰਵੈਦਿਕ ਕਾਲਜ, ਹਸਪਤਾਲ ਤੇ ਫਾਰਮੈਸੀ ਹੁਣ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਅੰਡਰ ਹੋਣਗੇ।

ਇਸਦੇ ਨਾਲ ਹੀ ਇਹ ਫੈਸਲਾ ਵੀ ਲਿਆ ਗਿਆ ਕਿ ਪਟਵਾਰੀਆਂ ਦੀ ਸਿਖਲਾਈ ਹੁਣ ਡੇਢ ਸਾਲ ਦੀ ਥਾਂ ਇਕ ਸਾਲ ਹੋਵੇਗੀ, ਇਸ ਇਕ ਸਾਲ ਨੂੰ ਪ੍ਰੋਬੇਸ਼ਨ ਪੀਰੀਅਡ ਗਿਣਿਆ ਜਾਵੇਗਾ।

ਗੁਰੂ ਅੰਗਦ ਦੇਵ ਯੂਨੀਵਰਸਿਟੀ – ਗੜਵਾਸੁ ਦੇ ਮਾਸਟਰ ਕੇਡਰ ਨੂੰ UGC ਸਕੇਲ ਮਿਲੇਗਾ। ਮਾਨਸਾ ਦੇ ਗੋਬਿੰਦਪੁਰਾ ‘ਚ ਬਿਜਲੀ ਬਣਾਉਣ ਲਈ ਜ਼ਮੀਨ ਐਕਾਇਰ ਹੋਈ ਸੀ, ਉਥੇ ਹੁਣ ਸੋਲਰ ਪਲਾਂਟ ਲੱਗੇਗਾ। ਇਸ ਤੋਂ ਇਲਾਵਾ ਜਲੰਧਰ ਦੇ ਵਿਕਾਸ ਕੰਮਾਂ ਲਈ 95 ਕਰੋੜ 16 ਲੱਖ ਰੁਪਏ ਰੱਖੇ ਗਏ ਹਨ।

ਕਾਫੀ ਸਮੇਂ ਤੋਂ ਲਟਕੇ ਪਏ ਜਲੰਧਰ ਦੇ ਆਦਮਪੁਰ ਵਾਲੀ ਸੜਕ ਦੇ ਕੰਮ ਨੂੰ ਵੀ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਤੰਬਰ ਤੋਂ ਪਹਿਲਾਂ ਪਹਿਲਾਂ ਗੋਰਾਇਆ-ਜੰਡਿਆਲਾ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।