ਜਲੰਧਰ | ਕੋਵਿਡ -19 ਵੈਕਸੀਨ ਦੀ ਪਹਿਲੀ ਖੁਰਾਕ ਦੀ ਵਿਵਸਥਾ ਸਬੰਧੀ ਤਿਆਰੀ ਖਿੱਚਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਲੰਧਰ ਵਿੱਚ ਹੁਣ ਤੱਕ 9399 ਹੈਲਥ ਕੇਅਰ ਵਰਕਰਾਂ ਦੀ ਪਹਿਚਾਨ ਕੀਤੀ ਗਈ ਹੈ।

ਪ੍ਰਮੁੱਖ ਸਕੱਤਰ ਸਿਹਤ ਹੁਸਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਬੈਠਕ ਵਿਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਹੈਲਥ ਕੇਅਰ ਵਰਕਰਾਂ ਦਾ ਡਾਟਾ ਨੈਸ਼ਨਲ ਪੋਰਟਲ ‘ਤੇ ਅਪਲੋਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੂਚੀ ਵਿਚ 88 ਪ੍ਰਾਈਵੇਟ ਅਦਾਰਿਆਂ ਦੇ 3897 ਪ੍ਰਾਈਵੇਟ ਹੈਲਥ ਕੇਅਰ ਵਰਕਰ ਅਤੇ 66 ਜਨਤਰ ਸਿਹਤ ਸੰਸਥਾਵਾਂ ਦੇ 5502 ਸਰਕਾਰੀ ਹੈਲਥ ਵਰਕਰ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵੈਕਸੀਨ ਦੀ ਡਲਿਵਰੀ ਦਸੰਬਰ 2020 ਦੇ ਅਖੀਰ ਤੱਕ ਹੋਣ ਦੀ ਉਮੀਦ ਹੈ ਅਤੇ ਇਨ੍ਹਾਂ ਹੈਲਥਕੇਅਰ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ।

ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੰਡ ਅਤੇ ਪ੍ਰਬੰਧ ਸਬੰਧੀ ਆਪਣੀ ਯੋਜਨਾ ਨਾਲ ਤਿਆਰ ਹੈ ਕਿਉਂ ਜੋ ਕੁੱਲ 9399 ਹੈਲਥ ਕੇਅਰ ਵਰਕਰ ਪਹਿਲਾਂ ਹੀ ਵੈਕਸੀਨ ਦੀ ਪਹਿਲੀ ਖੁਰਾਕ ਲਈ ਚੁਣ ਲਏ ਗਏ ਹਨ ਅਤੇ ਇਨ੍ਹਾਂ ਵਰਕਰਾਂ ਦੇ ਵੇਰਵੇ ਨੈਸ਼ਨਲ ਪੋਰਟਲ ਉੱਤੇ ਅਪਲੋਡ ਕੀਤੇ ਜਾ ਰਹੇ ਹਨ।

ਜਿਨ੍ਹਾਂ ਪ੍ਰਾਈਵੇਟ ਹਸਪਤਾਲਾਂ ਨੇ ਅਜੇ ਵੀ ਵੇਰਵੇ ਨਹੀਂ ਭੇਜੇ, ਉਹ ਸਿਹਤ ਵਰਕਰਾਂ ਦੇ ਵੇਰਵੇ covidhcwjal@gmail.com ‘ਤੇ ਜ਼ਰੂਰ ਭੇਜਣ ਤਾਂ ਜੋ ਉਨ੍ਹਾਂ ਦੇ ਵੇਰਵੇ ਪੋਰਟਲ ‘ਤੇ ਅਪਲੋਡ ਕੀਤੇ ਜਾ ਸਕਣ।

ਡਾਕਟਰਾਂ/ਨਰਸਿੰਗ ਅਤੇ ਲੈਬ ਸਟਾਫ/ਵਾਰਡ ਅਟੈਂਡੈਂਟਾਂ/ਹੋਰ ਸਿਹਤ ਕਰਮਚਾਰੀਆਂ ਨੂੰ ਬਿਨਾਂ ਵਰਦੀ ਦੇ ਸਿਪਾਹੀ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਤੋਂ ਮਹਾਂਮਾਰੀ ਨਾਲ ਲੜ ਰਹੇ ਸਿਹਤ ਕਰਮਚਾਰੀਆਂ ਦੇ ਟੀਕਾਕਰਨ ਨੂੰ ਪਹਿਲ ਦੇਣ ਨੂੰ ਯਕੀਨੀ ਬਣਾਉਣ ਵਿਚ ਪ੍ਰਸ਼ਾਸਨ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਅਤੇ ਹੋਰ ਹਾਜ਼ਰ ਸਨ।