News Desk : ਦਫਤਰ ‘ਚ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਮੁੰਬਈ ਦੀ ਅਦਾਲਤ ਨੇ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਕਿਸੇ ਮਹਿਲਾ ਸਹਿਯੋਗੀ ਨੂੰ ਇਹ ਕਹਿਣਾ ਕਿ ਉਸ ਦਾ ਫਿਗਰ ਖੂਬਸੂਰਤ ਹੈ, ਕਿ ਉਸ ਨੇ ਆਪਣੇ ਆਪ ਨੂੰ ਠੀਕ ਰੱਖਿਆ ਹੈ, ਵੀ ਅਪਰਾਧ ਦੀ ਸ਼੍ਰੇਣੀ ‘ਚ ਆਉਂਦਾ ਹੈ। 

ਅਦਾਲਤ ਨੇ ਇਹ ਗੱਲ ਇਕ ਰੀਅਲ ਅਸਟੇਟ ਕੰਪਨੀ ਦੀ ਮਹਿਲਾ ਕਰਮਚਾਰੀ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਹੀ। ਦੋਵੇਂ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਤਾਜ਼ਾ ਸੁਣਵਾਈ ਦੌਰਾਨ ਇਹ ਟਿੱਪਣੀ ਕਰਦਿਆਂ ਅਦਾਲਤ ਨੇ ਦੋਵਾਂ ਦੀ ਜ਼ਮਾਨਤ ਪਟੀਸ਼ਨ ਵੀ ਰੱਦ ਕਰ ਦਿੱਤੀ।

24 ਅਪ੍ਰੈਲ ਨੂੰ ਔਰਤ ਨੇ ਮੁੰਬਈ ਦੇ ਅੰਧੇਰੀ ‘ਚ ਇਕ ਰੀਅਲ ਅਸਟੇਟ ਕੰਪਨੀ ਦੇ 42 ਸਾਲਾ ਸਹਾਇਕ ਮੈਨੇਜਰ ਅਤੇ 30 ਸਾਲਾ ਸੇਲਜ਼ ਮੈਨੇਜਰ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਦੋਵਾਂ ‘ਤੇ ਇਕ ਔਰਤ ਦਾ ਅਪਮਾਨ ਕਰਨ ਲਈ ਆਈਪੀਸੀ ਦੀ ਧਾਰਾ 354 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜਿਨਸੀ ਸ਼ੋਸ਼ਣ ਲਈ 354ਏ, ਪਿੱਛਾ ਕਰਨ ਲਈ 354ਡੀ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਲਈ ਧਾਰਾ 509 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਔਰਤ ਦਾ ਇਲਜ਼ਾਮ ਸੀ ਕਿ ਦੋ ਪੁਰਸ਼ ਸਾਥੀ ਉਸ ਨੂੰ ਕਹਿੰਦੇ ਰਹੇ: ‘ਮੈਡਮ, ਤੁਸੀਂ ਆਪਣੇ ਆਪ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਹੈ… ਤੁਹਾਡੇ ਕੋਲ ਬਹੁਤ ਵਧੀਆ ਫਿਗਰ ਹੈ… ਤੁਸੀਂ ਮੇਰੇ ਨਾਲ ਬਾਹਰ ਜਾਣ ਬਾਰੇ ਨਹੀਂ ਸੋਚਿਆ, ਮੈਡਮ?’
ਸੈਸ਼ਨ ਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਦੋਵਾਂ ਖਿਲਾਫ ਪਹਿਲੀ ਨਜ਼ਰੇ ਕੇਸ ਬਣਾਇਆ ਗਿਆ ਹੈ। ਜਸਟਿਸ ਏਜੇਡ ਖਾਨ ਨੇ ਕਿਹਾ, ਇਹ ਅਜਿਹਾ ਮਾਮਲਾ ਨਹੀਂ ਹੈ ਜਿਸ ਵਿੱਚ ਦੋਸ਼ੀ ਨੂੰ ਅਗਾਊਂ ਜ਼ਮਾਨਤ ‘ਤੇ ਰਿਹਾਅ ਕੀਤਾ ਜਾ ਸਕਦਾ ਹੈ। ਮਹਿਲਾ ਨੇ ਇਸ ਬਾਰੇ ਪਹਿਲਾਂ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਹ ਪੁਲਿਸ ਕੋਲ ਗਈ। ਜੱਜ ਨੇ ਅੱਗੇ ਕਿਹਾ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਪਰਾਧ ਗੰਭੀਰ ਹੈ।