ਮੋਗਾ, 16 ਫਰਵਰੀ | ਪਿੰਡ ਕਿੱਲੀ ਚਾਹਲਾਂ ਵਿਖੇ ਆਮ ਆਦਮੀ ਪਾਰਟੀ ਦੀ ਸੂਬਾ ਪੱਧਰੀ ਰੈਲੀ ਤੋਂ ਠੀਕ ਪਹਿਲਾਂ ਵੱਡਾ ਸੜਕ ਹਾਦਸਾ ਵਾਪਰ ਗਿਆ। ਰੈਲੀ ਦੀ ਸੁਰੱਖਿਆ ਲਈ ਲਗਾਏ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਚਾਰ ਪੁਲਿਸ ਕਰਮੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਰੈਲੀ ਸਥਾਨ ਦੇ ਨਜ਼ਦੀਕ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਬੇਕਾਬੂ ਹੋਈ ਬੱਸ ਨਾਕੇ ‘ਤੇ ਖੜ੍ਹੇ ਮੁਲਾਜ਼ਮਾਂ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮੌਕੇ ‘ਤੇ ਅਫ਼ਰਾਤਫ਼ਰੀ ਮਚ ਗਈ। ਬੱਸ ਦੇ ਪਿੱਛੇ ਆ ਰਹੀਆਂ ਹੋਰ ਗੱਡੀਆਂ ਵੀ ਅਚਾਨਕ ਬ੍ਰੇਕ ਨਾ ਲਗਾ ਸਕੀਆਂ ਅਤੇ ਇੱਕ-ਦੂਜੇ ਨਾਲ ਟਕਰਾ ਗਈਆਂ। ਇਸ ਕਾਰਨ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਖੁਸ਼ਕਿਸਮਤੀ ਨਾਲ ਕਿਸੇ ਹੋਰ ਵੱਡੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।

ਜ਼ਖ਼ਮੀ ਚਾਰਾਂ ਪੁਲਿਸ ਕਰਮੀਆਂ ਨੂੰ ਤੁਰੰਤ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ, ਪਰ ਇਸ ਵੇਲੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਲਾਜ ਜਾਰੀ ਹੈ ਅਤੇ ਡਾਕਟਰੀ ਟੀਮ ਨਿਗਰਾਨੀ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਤੇਜ਼ ਰਫ਼ਤਾਰੀ, ਬ੍ਰੇਕ ਫੇਲ੍ਹ ਹੋਣ ਜਾਂ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ। ਬੱਸ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਰੈਲੀ ਨੂੰ ਲੈ ਕੇ ਸੁਰੱਖਿਆ ਇੰਤਜ਼ਾਮ ਹੋਰ ਕੜੇ ਕਰ ਦਿੱਤੇ ਗਏ ਹਨ। ਹਾਦਸੇ ਨੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਰੈਲੀ ਵਿੱਚ ਸ਼ਮੂਲੀਅਤ ਲਈ ਪਹੁੰਚ ਰਹੇ ਸਨ।