ਸ਼ਿਮਲਾ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਰੋਹੜੂ ਇਲਾਕੇ ’ਚ ਸ਼ੁੱਕਰਵਾਰ ਨੂੰ ਹਿਮਾਚਲ ਰੋਡਵੇਜ਼ ਦੀ ਇਕ ਬੱਸ ਦੇ ਪਹਾੜੀ ਨਾਲ ਟਕਰਾਉਣ ਨਾਲ ਘੱਟ ਤੋਂ ਘੱਟ 56 ਸਵਾਰੀਆਂ ਜ਼ਖ਼ਮੀ ਹੋ ਗਈਆਂ। ਪੁਲਿਸ ਨੇ ਇਸ ਜਾਣਕਾਰੀ ਦਿੱਤੀ। ਹਾਦਸਾ ਬਰੀਸ਼ੀਲ ਇਲਾਕੇ ’ਚ ਹੋਇਆ ਜਦੋਂ ਬੱਸ ਤਿੰਜਾਨੂੰ ਤੋਂ ਚਿਰਗਾਉਂ ਜਾ ਰਹੀ ਸੀ। ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਬ੍ਰੇਕ ਫ਼ੇਲ ਹੋਣ ਕਰਕੇ ਹਾਦਸਾ ਵਾਪਰਿਆ।

ਜਿਵੇਂ ਹੀ ਡਰਾਈਵਰ ਨੇ ਸਵਾਰੀਆਂ ਨੂੰ ਬ੍ਰੇਕ ਫ਼ੇਲ੍ਹ ਹੋਣ ਦੀ ਸੂਚਨਾ ਦਿੱਤੀ, ਉਹ ਘਬਰਾ ਗਏ। ਡਰਾਈਵਰ ਨੇ ਬੱਸ ਨੂੰ ਖੱਡ ’ਚ ਡਿੱਗਣ ਤੋਂ ਬਚਾਉਂਦਿਆਂ ਉਸ ਨੂੰ ਮੋੜ ਲਿਆ। ਗੰਭੀਰ ਜ਼ਖ਼ਮੀ ਲਗਭਗ 20 ਸਵਾਰੀਆਂ ਨੂੰ ਰੋਹੜੂ ਦੇ ਸਿਵਲ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ, ਜਦਕਿ ਹੋਰ 36 ਨੂੰ ਚਿਰਗਾਉਂ ’ਚ ਕਮਿਊਨਿਟੀ ਸਿਹਤ ਕੇਂਦਰ ਸੰਦਾਸੂ ਤੋਂ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ।

ਬੀਤੇ 2 ਦਿਨਾਂ ’ਚ ਇਹ ਦੂਜਾ ਬੱਸ ਹਾਦਸਾ ਹੈ। ਮੰਡੀ ਜ਼ਿਲ੍ਹੇ ਦੇ ਕਰਸੋਗ ਕੋਲ ਕਸ਼ੋਲ ’ਚ ਵੀਰਵਾਰ ਦੁਪਹਿਰ ਹਿਮਾਚਲ ਰੋਡਵੇਜ਼ ਦੀ ਇਕ ਬੱਸ ਸੜਕ ਤੋਂ ਹੇਠਾਂ ਡਿੱਗ ਜਾਣ ਕਰਕੇ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਗੱਡੀ ਇਕ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਰੁਕ ਗਈ, ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ।