ਅੰਮ੍ਰਿਤਸਰ | ਸਥਾਨਕ ਚਰਚ ਵਿਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਉਥੇ ਖੁੱਲ੍ਹੇਆਮ ਗੋਲੀਬਾਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਇਕ ਵਿਅਕਤੀ ਆਪਣੇ ਸੱਤ-ਅੱਠ ਸਾਥੀਆਂ ਨਾਲ ਚਰਚ ਵਿਚ ਦਾਖਲ ਹੋਇਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਵਾਈ ਫਾਇਰਿੰਗ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ। ਖਬਰਾਂ ਅਨੁਸਾਰ ਪ੍ਰਿੰਸ ਤੇ ਮਨੋਜ ਨਾਮ ਦੇ ਲੋਕ ਸ਼ੁੱਕਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਦੇ ਗੜ੍ਹਵਾਲੀ ਫਾਟਕ ਨੇੜੇ ਸ੍ਰੀ ਗੁਰੂ ਰਾਮਦਾਸ ਨਾਦਰ ਵਿਚ ਇਕ ਵਿਚ ਚਰਚ ਗਏ ਸਨ। ਇਥੇ ਰਣਦੀਪ ਸਿੰਘ ਗਿੱਲ ਨਾਮ ਦਾ ਵਿਅਕਤੀ ਸੱਤ ਹੋਰ ਲੋਕਾਂ ਨਾਲ ਆਇਆ ਅਤੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਅਤੇ ਉਸ ਨੇ ਫਾਇਰਿੰਗ  ਕਰ ਦਿੱਤੀ।

ਇਸ ਘਟਨਾ ਵਿੱਚ ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ ਅਤੇ ਉਸਦਾ ਭਰਾ ਮਨੋਜ ਗੰਭੀਰ ਰੂਪ ਵਿੱਚ ਜ਼ਖਮੀ ਹੈ। ਚਰਚ ਵਿਚ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਵਿਚ ਮਾਰੇ ਗਏ ਵਿਅਕਤੀ ਅਤੇ ਦੋਸ਼ੀ ਪਹਿਲਾਂ ਹੀ ਇਕ-ਦੂਜੇ ਨੂੰ ਜਾਣਦੇ ਸਨ। ਜਦੋਂ ਉਨ੍ਹਾਂ ਵਿਚਕਾਰ ਬਹਿਸ ਹੋ ਰਹੀ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਹੈ।  ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਆਪਣੇ 7-8 ਸਾਥੀਆਂ ਸਮੇਤ ਫਾਇਰਿੰਗ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਰਣਦੀਪ, ਉਸਦੇ ਭਰਾ ਬਲਰਾਮ, ਸੂਰਜ, ਬਾਬੂ ਅਤੇ 3 ਅਣਪਛਾਤੇ ਲੋਕਾਂ ਖਿਲਾਫ ਧਾਰਾ 302, 307, 34 ਅਤੇ 148 ਆਈਪੀਸੀ ਅਤੇ ਆਰਮਜ਼ ਐਕਟ ਦੀ ਧਾਰਾ 25/27/54/59 ਦੇ ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਣਦੀਪ ਵਾਲਮੀਕਿ ਕਮਿਊਨਿਟੀ ਨਾਲ ਸਬੰਧਤ ਹੈ ਅਤੇ ਆਪਣੇ ਆਪ ਨੂੰ ਇੱਕ ਕਾਂਗਰਸ ਨੇਤਾ ਕਹਿੰਦਾ ਹੈ। ਹਾਲਾਂਕਿ, ਪਾਰਟੀ ਦੁਆਰਾ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।