ਕਪੂਰਥਲਾ, 25 ਦਸੰਬਰ | ਥਾਣਾ ਸਿਟੀ ਅਧੀਨ ਪੈਂਦੇ ਮਹਿਤਾਬਗੜ੍ਹ ਮੁਹੱਲੇ ਵਿਚ ਗੁਆਂਢੀ ਵੱਲੋਂ ਨਾਬਾਲਗ ਵਿਦਿਆਰਥਣ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ ਵਿਚ ਮੁਲਜ਼ਮ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹੱਲਾ ਮਹਿਤਾਬਗੜ੍ਹ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, ਇੱਕ ਲੜਕਾ ਅਤੇ 2 ਲੜਕੀਆਂ ਹਨ। ਉਹ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸ ਦੀ ਪਤਨੀ ਵਿਦੇਸ਼ ਗਈ ਹੋਈ ਹੈ। ਉਸ ਦੀ ਮਾਂ ਘਰ ਵਿਚ ਬੱਚਿਆਂ ਦੀ ਦੇਖਭਾਲ ਕਰਦੀ ਹੈ। ਉਸ ਦੀ ਛੋਟੀ ਧੀ ਪਾਇਲ (ਕਾਲਪਨਿਕ ਨਾਮ) ਦੀ ਉਮਰ 16 ਸਾਲ ਹੈ ਅਤੇ ਨੇੜਲੇ ਪ੍ਰਾਈਵੇਟ ਸਕੂਲ ਵਿਚ 8ਵੀਂ ਜਮਾਤ ਵਿਚ ਪੜ੍ਹਦੀ ਹੈ।

ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਸ ਦਾ ਗੁਆਂਢੀ ਨੌਜਵਾਨ ਦਰਸ਼ਨ ਉਰਫ਼ ਸੋਨੂੰ ਉਸ ਦੀ ਲੜਕੀ ‘ਤੇ ਬੁਰੀ ਨਜ਼ਰ ਰੱਖਦਾ ਸੀ। 9 ਦਸੰਬਰ ਨੂੰ ਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਗੁਆਂਢੀ ਨੌਜਵਾਨ ਦਰਸ਼ਨ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਥਾਣਾ ਸਿਟੀ ਨੇ ਨਾਬਾਲਗ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।