ਤਰਨਤਾਰਨ| ਗੋਇੰਦਵਾਲ ਸਾਹਿਬ ਥਾਣਾ ਖੇਤਰ ਦੇ ਪਿੰਡ ਦੀਨੇਵਾਲ ‘ਚ ਇਕ ਭੈਣ ਨੂੰ ਭਰਾ ਵੱਲੋਂ ਚਰਿੱਤਰ ‘ਤੇ ਸ਼ੱਕ ਕਾਰਨ ਤੇਜ਼ਧਾਰ ਕਿਰਪਾਨ ਨਾਲ ਕਤਲ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਅਰੁਣ ਕੁਮਾਰ ਸ਼ਰਮਾ ਅਤੇ ਥਾਣਾ ਖਡੂਰ ਸਾਹਿਬ ਦੇ ਐੱਸ.ਐੱਚ.ਓ. ਰਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ । ਮ੍ਰਿਤਕ ਲੜਕੀ ਦੇ ਪਿਤਾ ਜਸਪਾਲ ਸਿੰਘ ਦੇ ਬਿਆਨਾਂ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ । ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਉਸ ਦੀ ਕੁੱਟਮਾਰ ਕਰ ਚੁੱਕਾ ਹੈ, ਜਿਸ ਨੇ ਅੱਜ ਅਰਜਿੰਦਰ ਕੌਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ।

ਪਰਿਵਾਰ ਨੇ ਦੱਸਿਆ ਕਿ ਅਰਜਿੰਦਰ ਕੌਰ (19) ਦਾ 11 ਅਕਤੂਬਰ ਨੂੰ ਵਿਆਹ ਸੀ। ਜਦੋਂ ਅਰਜਿੰਦਰ ਕੌਰ ਵਿਆਹ ਲਈ ਕੁਝ ਸਾਮਾਨ ਲੈਣ ਲਈ ਕਿਸੇ ਰਿਸ਼ਤੇਦਾਰ ਨਾਲ ਘਰੋਂ ਨਿਕਲੀ ਤਾਂ ਗੁਰਜੰਟ ਸਿੰਘ ਨੇ ਉਸ ਨੂੰ ਮੋਟਰਸਾਈਕਲ ਦੇ ਪਿੱਛੋਂ ਖਿੱਚ ਲਿਆ ਅਤੇ ਤੇਜ਼ਧਾਰ ਤਲਵਾਰ ਨਾਲ ਉਸ ‘ਤੇ ਵਾਰ ਕਰ ਦਿੱਤਾ, ਜਿਸ ਕਾਰਨ ਅਰਜਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚੌਕੀ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਵਿੱਚ ਵਰਤੀ ਗਈ ਕਿਰਪਾਨ ਬਰਾਮਦ ਕਰ ਲਈ ਗਈ ਹੈ।