ਕਪੂਰਥਲਾ, 22 ਸਤੰਬਰ | ਇਥੇ ਇਕ ਵੱਡੀ ਵਾਰਦਾਤ ਵਾਪਰੀ ਹੈ। ਢਿਲਵਾਂ ਤਹਿਸੀਲ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਦਾ ਤਲਵਾਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਥਾਣਾ ਢਿਲਵਾਂ ਦੀ ਪੁਲਿਸ ਨੇ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਵਾਸੀ ਢਿਲਵਾਂ ਪੱਤੀ ਲੱਧੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਦੀਪਾ ਖੇਤੀ ਦਾ ਕੰਮ ਕਰਦਾ ਸੀ। ਲੜਕੇ ਦਾ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਢਿਲਵਾਂ ਪੱਤੀ ਲੱਧੂ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਲੜਾਈ ਕਾਰਨ ਉਸ ਦੇ ਲੜਕੇ ਖ਼ਿਲਾਫ਼ ਪਹਿਲਾਂ ਵੀ ਥਾਣਾ ਢਿਲਵਾਂ ਵਿਚ ਕੇਸ ਦਰਜ ਸੀ।
ਗ੍ਰਿਫਤਾਰੀ ਦੇ ਡਰ ਕਾਰਨ ਉਸ ਦਾ ਲੜਕਾ ਕਈ ਦਿਨਾਂ ਤੋਂ ਘਰੋਂ ਬਾਹਰ ਰਹਿ ਰਿਹਾ ਸੀ ਪਰ 19 ਸਤੰਬਰ ਦੀ ਸ਼ਾਮ ਨੂੰ ਉਸ ਦਾ ਲੜਕਾ ਘਰ ਆ ਗਿਆ। ਉਹ ਬੈਂਕ ਦੀ ਪਾਸਬੁੱਕ ਲੈ ਕੇ ਘਰੋਂ ਨਿਕਲਿਆ। ਰਾਤ ਕਰੀਬ 10.30 ਵਜੇ ਕਿਸੇ ਨੇ ਉਸ ਦੇ ਘਰ ਦਾ ਗੇਟ ਖੜਕਾਇਆ। ਇਸ ’ਤੇ ਉਹ ਆਪਣੀ ਪਤਨੀ ਨਾਲ ਛੱਤ ’ਤੇ ਗਿਆ ਅਤੇ ਗਲੀ ’ਚ ਜਾ ਕੇ ਦੇਖਿਆ ਕਿ ਹਰਪ੍ਰੀਤ ਸਿੰਘ ਉਰਫ਼ ਹੈਪੀ ਆਪਣੇ 4-5 ਲੜਕਿਆਂ ਸਮੇਤ ਘਰ ਦੇ ਬਾਹਰ ਲਲਕਾਰੇ ਮਾਰ ਰਿਹਾ ਸੀ।
ਇਸ ਦੌਰਾਨ ਹਰਪ੍ਰੀਤ ਨੇ ਕਿਹਾ ਕਿ ਤੁਹਾਡੇ ਲੜਕੇ ਦਾ ਕਤਲ ਕਰਕੇ ਉਸ ਦਾ ਕੰਮ ਕੱਢ ਦਿੱਤਾ ਹੈ। ਜਦੋਂ ਉਹ ਗੇਟ ਖੋਲ੍ਹ ਕੇ ਗਲੀ ਵਿਚ ਗਿਆ ਤਾਂ ਉਥੇ ਉਸ ਦਾ ਲੜਕਾ ਹਰਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਪਿਆ ਸੀ। ਪੁੱਛਣ ‘ਤੇ ਲੜਕੇ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਤਲਵਾਰਾਂ ਅਤੇ ਕਿਰਪਾਨਾਂ ਨਾਲ ਵੱਢ ਦਿੱਤਾ ਹੈ।
ਬ੍ਰੇਕਿੰਗ : ਕਪੂਰਥਲਾ ‘ਚ ਰੰਜਿਸ਼ਨ ਕਿਰਪਾਨਾਂ ਨਾਲ ਵੱਢਿਆ ਨੌਜਵਾਨ, ਮਾਰਨ ਮਗਰੋਂ ਘਰ ਅੱਗੇ ਮਾਰੇ ਲਲਕਾਰੇ
ਇਸ ’ਤੇ ਉਹ ਤੁਰੰਤ ਉਸ ਨੂੰ ਸਿਵਲ ਹਸਪਤਾਲ ਜਲੰਧਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਨਾਮ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਉਸ ਦੇ ਲੜਕੇ ਦਾ ਕਤਲ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸ ਦੇ ਸਾਥੀਆਂ ਨੇ ਕੀਤਾ ਹੈ।
Related Post