ਚੰਡੀਗੜ੍ਹ, 3 ਨਵੰਬਰ | ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਾਹਨੇਵਾਲ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਵਿਚ ਤਾਇਨਾਤ ਡਾ. ਪੂਨਮ ਗੋਇਲ, ਐਸ.ਐਮ.ਓ. ਅਤੇ ਡਾ. ਗੌਰਵ ਜੈਨ, ਬੀ.ਏ.ਐਮ.ਐਸ. ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਵੇਂ ਡਾਕਟਰਾਂ ਨੂੰ ਕੁਲਵਿੰਦਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, ਸਾਹਨੇਵਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਦਫਤਰ ਲੁਧਿਆਣਾ ਵਿਖੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਅਤੇ ਦੋਸ਼ ਲਾਇਆ ਕਿ ਉਕਤ ਦੋਵੇਂ ਡਾਕਟਰ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ ਕਿਉਂਕਿ ਉਹ ਸਾਹਨੇਵਾਲ ਵਿਖੇ ਡੱਬ ਮੈਡੀਕਲ ਸਟੋਰ ਨਾਮਕ ਕੈਮਿਸਟ ਦੀ ਦੁਕਾਨ ਚਲਾ ਰਿਹਾ ਹੈ। ਉਸ ਨੇ ਅੱਗੇ ਦੱਸਿਆ ਕਿ ਡਾ. ਗੌਰਵ ਜੈਨ 2 ਹੋਰਾਂ ਨਾਲ 26.10.2023 ਨੂੰ ਉਸ ਦੀ ਕੈਮਿਸਟ ਦੀ ਦੁਕਾਨ ‘ਤੇ ਚੈਕਿੰਗ ਲਈ ਆਇਆ ਅਤੇ ਉਥੇ ਮੌਜੂਦ ਉਸ ਦੇ ਭਰਾ ਨੂੰ ਆਖਿਆ ਕਿ ਕੁਲਵਿੰਦਰ ਸਿੰਘ (ਸ਼ਿਕਾਇਤਕਰਤਾ) ਵਿਰੁੱਧ ਬਿਨਾਂ ਲਾਇਸੈਂਸ ਤੋਂ ਦਵਾਈਆਂ ਵੇਚਣ ਅਤੇ ਗੈਰ-ਕਾਨੂੰਨੀ ਪੈਥੋਲੋਜੀਕਲ ਲੈਬਾਰਟਰੀ ਚਲਾਉਣ ਦੀ ਸ਼ਿਕਾਇਤ ਹੈ। ਉਸ ਦੀ ਦੁਕਾਨ ਤੋਂ ਜਾਣ ਤੋਂ ਪਹਿਲਾਂ ਡਾਕਟਰ ਗੌਰਵ ਜੈਨ ਨੇ ਉਸ ਦੇ ਭਰਾ ਨੂੰ ਐਸ.ਐਮ.ਓ. ਡਾ. ਪੂਨਮ ਗੋਇਲ ਨੂੰ ਮਿਲਣ ਲਈ ਕਿਹਾ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਹ ਐਸ.ਐਮ.ਓ. ਪੂਨਮ ਗੋਇਲ ਨੂੰ ਮਿਲਿਆ ਤਾਂ ਉਸਨੇ ਉਸਦੀ ਮੈਡੀਕਲ ਦੁਕਾਨ ਨੂੰ ਸੀਲ ਕਰਨ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ। ਉਸਦੀ ਬੇਨਤੀ ‘ਤੇ, ਉਸਨੇ ਉਸਨੂੰ ਮਾਮਲਾ ਸੁਲਝਾਉਣ ਲਈ ਡਾਕਟਰ ਗੌਰਵ ਜੈਨ ਨੂੰ ਮਿਲਣ ਲਈ ਕਿਹਾ। ਇਸ ਤੋਂ ਬਾਅਦ ਡਾਕਟਰ ਗੌਰਵ ਜੈਨ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਐਸ.ਐਮ.ਓ. ਮੈਡਮ ਇਕ ਲੱਖ ਰੁਪਏ ਰਿਸ਼ਵਤ ਮੰਗ ਰਹੀ ਹੈ ਪਰ ਮਿੰਨਤਾਂ ਕਰਨ ਉਤੇ ਸੌਦਾ 20 ਹਜ਼ਾਰ ਰੁਪਏ ਵਿਚ ਹੋ ਗਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਡਾਕਟਰ ਗੌਰਵ ਜੈਨ ਨੇ ਉਸੇ ਦਿਨ ਹੀ ਉਸ ਕੋਲ਼ੋਂ 5 ਹਜ਼ਾਰ ਰੁਪਏ ਲੈ ਲਏ ਸਨ ਅਤੇ ਹੁਣ ਬਾਕੀ ਰਕਮ ਦੇਣ ਦੀ ਮੰਗ ਕਰ ਰਿਹਾ ਹੈ। ਡਾ. ਗੌਰਵ ਜੈਨ ਨਾਲ ਫ਼ੋਨ ਕਾਲਾਂ ਦੌਰਾਨ ਸ਼ਿਕਾਇਤਕਰਤਾ ਨੇ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਜੋ ਉਸਨੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਵਿਚ ਆਰੋਪੀ ਡਾਕਟਰ ਗੌਰਵ ਜੈਨ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਤੋਂ ਬਾਅਦ ਡਾਕਟਰ ਪੂਨਮ ਗੋਇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਐਫ.ਆਈ.ਆਰ. ਨੰਬਰ 28 ਦਰਜ ਕਰ ਲਈ ਹੈ। ਦੋਵਾਂ ਮੁਲਜ਼ਮਾਂ ਨੂੰ ਭਲਕੇ ਲੁਧਿਆਣਾ ਦੀ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।