ਜਲੰਧਰ, 31 ਦਸੰਬਰ | ਪੰਜਾਬ ਦੇ ਸਭ ਤੋਂ ਵੱਡੇ ਵਾਟਰ ਪਾਰਕਾਂ ਵਿਚੋਂ ਇੱਕ ਜਲੰਧਰ ਦੇ ਵੰਡਰਲੈਂਡ ਨੂੰ ਬੰਬ ਬਲਾਸਟ ਦੀ ਧਮਕੀ ਮਿਲੀ ਹੈ। ਇਕ ਮੀਡੀਆ ਸੰਸਥਾ ਨੂੰ ਭੇਜੇ ਗਏ ਪੱਤਰ ‘ਚ ਕਿਹਾ ਗਿਆ ਹੈ ਕਿ ਅੱਜ ਯਾਨੀ 31 ਦਸੰਬਰ ਦੀ ਰਾਤ ਨੂੰ ਅਸੀਂ ਵੰਡਰਲੈਂਡ ‘ਚ ਹੋਣ ਵਾਲੀ ਪਾਰਟੀ ‘ਚ ਧਮਾਕਾ ਕਰਾਂਗੇ। ਨਾਲ ਹੀ ਪੱਤਰ ਵਿਚ ਜਲੰਧਰ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ।
ਉਧਰ, ਇਸ ਸਬੰਧੀ ਜਲੰਧਰ ਦਿਹਾਤ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਅਫਵਾਹਾਂ ਹਨ। ਅਜਿਹਾ ਕੁਝ ਨਹੀਂ ਹੋਇਆ ਹੈ। ਉਧਰ, ਪੁਲਿਸ ਵੱਲੋਂ ਸਵੇਰ ਤੋਂ ਹੀ ਵੰਡਰਲੈਂਡ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਪਰ ਕੁਝ ਨਹੀਂ ਮਿਲਿਆ।
ਜਲੰਧਰ ਦੇ ਸਭ ਤੋਂ ਮਸ਼ਹੂਰ ਵਾਟਰ ਪਾਰਕ ਵਿਚ ਅੱਜ ਨਵੇਂ ਸਾਲ ਦੇ ਜਸ਼ਨ ਦਾ ਆਯੋਜਨ ਕੀਤਾ ਗਿਆ ਹੈ। ਵੰਡਰਲੈਂਡ ਨੇ ਇਸ ਇਵੈਂਟ ਦਾ ਨਾਂ “ਦਿ ਗ੍ਰੈਂਡ ਬਾਲਰੂਮ ਅਫੇਅਰ” ਰੱਖਿਆ। ਇਹ ਪਾਰਟੀ ਰਾਤ 8 ਵਜੇ ਸ਼ੁਰੂ ਹੋਵੇਗੀ ਅਤੇ ਰਾਤ ਕਰੀਬ 12 ਵਜੇ ਤੱਕ ਚੱਲੇਗੀ। ਇਸ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਕੀ ਲਿਖਿਆ ਚਿੱਠੀ ਵਿਚ…
ਇਹ ਚਿੱਠੀ ਅਰਬੀ ਭਾਸ਼ਾ ਵਿਚ ਸ਼ੁਰੂ ਹੁੰਦੀ ਹੈ, ਜਿਸ ਵਿਚ ਲਿਖਿਆ ਹੈ, ਅੱਲ੍ਹਾ ਹੂ ਅਕਬਰ। ਅੰਗਰੇਜ਼ੀ ‘ਚ ਅੱਗੇ ਲਿਖਿਆ ਹੈ, ‘ਇਹ ਜਲੰਧਰ ਪ੍ਰਸ਼ਾਸਨ ਨੂੰ ਸਾਡੀ ਖੁੱਲ੍ਹੀ ਚੁਣੌਤੀ ਹੈ। ਸਾਡੇ ਵਲੋਂ 31 ਦਸੰਬਰ ਨੂੰ ਵੰਡਰਲੈਂਡ ਪਾਰਕ ਵਿਖੇ ਇੱਕ ਧਮਾਕਾ ਹੋਵੇਗਾ। ਜੇ ਤੁਸੀਂ ਰੋਕ ਸਕਦੇ ਹੋ ਤਾਂ ਰੋਕੋ, ਇਹ ਸਾਡੀ ਖੁੱਲੀ ਚੁਣੌਤੀ ਹੈ। ਕਾਊਂਟਡਾਊਨ ਸ਼ੁਰੂ ਹੁੰਦਾ ਹੈ… ਟਿੱਕ-ਟੌਕ ਟਿੱਕ-ਟੌਕ ਟਿੱਕ-ਟੌਕ।

ਅੰਤ ਵਿਚ ਅਰਬੀ ਵਿਚ ਫਿਰ ਲਿਖਿਆ ਹੈ ਕਿ ਰੱਬ ਸਾਡੀ ਸ਼ਹਾਦਤ ਨੂੰ ਕਬੂਲ ਕਰੇ। ਅੱਲ੍ਹਾ ਹੂ ਅਕਬਰ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)