– ਗੁਰਮੀਤ ਕੜਿਆਲਵੀ

ਗੁਰਮੀਤ ਕੜਿਆਲਵੀ ਪੰਜਾਬੀ ਦੇ ਕਹਾਣੀਕਾਰ ਹਨ

ਭਗਵੰਤ ਰਸੂਲਪੁਰੀ ਕਹਾਣੀਕਾਰ ਹੈ ਜਿਸਨੇ ‘ਕਸੂਰਵਾਰ’, ‘ਆਦਿ ਡੰਕਾ’, ‘ਰਹਿਮਤ ਮਸੀਹ ਮੱਟੂ ਦੀ ਜੀਵਨੀ’, ‘ਰੰਗਾਂ ਦੀ ਸਾਂਝ’ ਆਦਿ ਬਹੁਤ ਸਾਰੀਆਂ ਜਾਨਦਾਰ ਕਹਾਣੀਆਂ ਲਿਖੀਆਂ ਹਨ। ਵਧੀਆ ਸੰਪਾਦਕ ਹੈ। ‘ਕਹਾਣੀ ਧਾਰਾ’ ਉਸਦੀ ਸੰਪਾਦਨ ਕਲਾ ਦਾ ਸ਼ਾਨਦਾਰ ਨਮੂਨਾ ਹੈ। ਉਸਨੇ ਬਹੁਤ ਸਾਰੀਆਂ ਮਹੱਤਵਪੂਰਨ ਰਚਨਾਵਾਂ ਵੀ ਦੂਜੀਆਂ ਭਾਸ਼ਾਵਾਂ ‘ਚੋਂ ਅਨੁਵਾਦ ਕਰਕੇ ਪੰਜਾਬੀ ‘ਚ ਲਿਆਾਂਦੀਆਂ ਹਨ। ‘ਜ਼ਰਖ਼ੇਜ਼’ ਉਸਦਾ ਪਲੇਠਾ ਨਾਵਲ ਹੈ। ਇਹ ਭਗਵੰਤ ਦੇ ਹੱਡੀਂ ਹੰਡਾਏ ਸੱਚ ਦਾ ਗਲਪੀਕਰਨ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕੁੜੀਆਂ ਮੁੰਡੇ ਵਹੀਰਾਂ ਘੱਤ ਕੇ ਕੈਨੇਡਾ ‘ਚ ਪੜ੍ਹਨ ਦੇ ਬਹਾਨੇ ਸੈੱਟਲ ਹੋਣ ਵਾਸਤੇ ਪਰਵਾਸ ਕਰ ਰਹੇ ਹਨ। ਇਹਨਾਂ ਦੇ ਪਿੱਛੇ-ਪਿੱਛੇ ਇਹਨਾਂ ਸਟੂਡੈਂਟਾਂ ਦੇ ਮਾਪੇ ਵੀ ਵਿਜ਼ਟਰ ਵਜੋਂ ਜਾ ਰਹੇ ਹਨ। ਬੱਚਿਆਂ ਦੀਆਂ ਫੀਸਾਂ ਕੱਢਣ ਲਈ ਤੇ ਆਪਣੇ ਜਾਣ ਆਉਣ ‘ਤੇ ਹੋਣ ਵਾਲੇ ਖਰਚੇ ਨੂੰ ਕੱਢਣ ਲਈ ਇਹ ਮਾਪੇ ਗੈਰ ਕਾਨੁੰਨੀ ਤੌਰ ‘ਤੇ ਫਾਰਮਾਂ, ਸਟੋਰਾਂ ਜਾਂ ਘਰਾਂ ‘ਚ ਕੰਮ ਕਰਦੇ ਹਨ। ਉਹਨਾਂ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ, ਕੈਸ਼ ‘ਤੇ ਕੰਮ ਕਰਨ ਵਾਲੇ ਵਿਜ਼ਟਰਾਂ, ਸਟੂਡੈਂਟਾਂ, ਵਰਕ ਪਰਮਿਟ ਵਾਲਿਆਂ ਜਾਂ ਸੁਪਰ ਵੀਜ਼ੇ ‘ਤੇ ਆਏ ਲੋਕਾਂ ਦਾ ਇੰਪਲਾਇਰਾਂ ਵਲੋਂ ਕਿਵੇਂ ਸ਼ੋਸ਼ਣ ਕੀਤਾ ਜਾਂਦਾ ਹੈ, ਇਸਦਾ ਵਿਸਥਾਰ ਪੂਰਵਕ ਗਲਪੀਕਰਨ ਲੇਖਕ ਨਾਵਲ ਵਿਚ ਉਸਾਰਦਾ ਹੈ।
ਇਹ ਨਾਵਲ ‘ਮੈਂ’ ਪਾਤਰ ਦੀਆਂ ਚਾਰ ਕੈਨੇਡਾ ਫੇਰੀਆਂ ‘ਤੇ ਆਧਾਰਿਤ ਹੈ। ਇਹ ਨਾਵਲ ਵਿਚ ਬਿਰਤਾਂਤ ਉਸਾਰਨ ਦੀ ਵਿਧੀ ਹੈ। ਇਹਨਾਂ ਚਾਰੇ ਫੇਰੀਆਂ ‘ਚ ਬਿਰਤਾਂਤਕ ਨੂੰ ਜੋ ਨਿਵੇਕਲੇ ਅਨੁਭਵ ਪ੍ਰਾਪਤ ਹੁੰਦੇ ਹਨ, ਉਸਨੇ ਨਾਵਲੀ ਰੂਪ ‘ਚ ਬਿਆਨ ਕੀਤੇ ਹਨ। ਪਹਿਲੀ ਫੇਰੀ ਐਪਲ ਫਾਰਮਾਂ ‘ਚ ਕੀਤੇ ਜਾਂਦੇ ਐਪਲ ਤੋੜਨ ਨਾਲ ਸਬੰਧਤ ਹੈ। ਇਸ ਫੇਰੀ ਵਾਲੇ ਹਿੱਸੇ ‘ਚ ਨਾਵਲਕਾਰ ਨੇ ਸੇਬਾਂ ਦੇ ਫਾਰਮਾਂ ਅਤੇ ਚੈਰੀ ਦੇ ਫਾਰਮਾਂ ਬਾਰੇ ਵਸੀਹ ਅਨੁਭਵ ਨਾਵਲੀ ਬਿਰਤਾਂਤ ਦਾ ਅੰਗ ਬਣਾਏ ਹਨ। ਨਾਵਲਕਾਰ ਨੇ ਫਾਰਮਾਂ ‘ਚ ਸੇਬ ਅਤੇ ਚੈਰੀ ਤੋੜਨ ਵਾਲੇ ਕਾਮਿਆਂ ਦੀ ਹੁੰਦੀ ਦੁਰਗਤੀ ਅਤੇ ਸ਼ੋਸ਼ਣ ਵਾਲਾ ਬਿਰਤਾਂਤ ਤਾਂ ਉਸਾਰਿਆ ਹੀ ਹੈ, ਨਾਲ ਦੀ ਨਾਲ ਵੱਡੇ ਵੱਡੇ ਫਾਰਮਰਾਂ ਵਲੋਂ ਕੋ-ਅੱਪ ਦੀ ਸ਼ਕਤੀ ਆਪਣੇ ਹੱਥਾਂ ‘ਚ ਕੇਂਦਰਿਤ ਕਰਕੇ ਛੋਟੇ ਫਾਰਮਰਾਂ ਨੂੰ ਦਬਾਉਣ ਦੀਆਂ ਚਾਲਾਂ ਵੀ ਬੇਪਰਦ ਕੀਤੀਆਂ ਹਨ।
ਨਾਵਲ ਦੀ ਕਹਾਣੀ ਏਧਰੋਂ ਵਿਜਟਰ ਵੀਜ਼ੇ ਤੇ ਗਏ ਆਰ. ਐਮ. ਪੀ. ਡਾਕਟਰ ਦੇ ਮੈਂ ਮੂਲਕ ਬਿਰਤਾਂਤ ਰਾਹੀਂ ਅੱਗੇ ਤੁਰਦੀ ਹੈ। ਜਿਹੜਾ ਖੇਤਾਂ ‘ਚ ਮਜ਼ਦੂਰੀ ਕਰਦਾ ਹੋਇਆ ਥਾਂ ਥਾਂ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਨਾਵਲਕਾਰ ਨੇ ਪਰਵਾਸੀ ਪੰਜਾਬੀ ਤੇ ਕੱਚੇ ਪੰਜਾਬੀ ਦੇ ਟਕਰਾਓ ਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਨਾਵਲੀ ਬਿਰਤਾਂਤ ਵਿਚ ਢਾਲਿਆ ਹੈ। ਸਵੈ-ਸੰਵਾਦ ਜੁਗਤ ਰਾਹੀਂ ਉਹ ਕਿਸਾਨੀ ਤੇ ਖੇਤ ਕਾਮਿਆਂ ਦੇ ਯਥਾਰਥ ਨੂੰ ਬੜੀ ਕੁਸ਼ਲਤਾ ਨਾਲ ਬਿਆਨ ਕਰਦਾ ਹੈ।
ਕੈਨੇਡੀਅਨ ਸਰਕਾਰ ਵਲੋਂ ਫਰੂਟ ਦਾ ਉਤਪਾਦਨ ਕਰਨ ਵਾਲੇ ਫਾਰਮਰਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤੇ ਕਰਜ਼ੇ ਆਦਿ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਪਰ ਉਹ ਫਰੂਟ ਨਹੀਂ ਖਰੀਦਦੀ। ਇਸ ਲਈ ਫਾਰਮਰ ਰਲ ਕੇ ਕੋਆਪ੍ਰੇਟਿਵ ਸੁਸਾਇਟੀਆਂ ਬਣਾ ਲੈਂਦੇ ਹਨ। ਪਾਠਕ ਜਾਣ ਕੇ ਹੈਰਾਨ ਰਹਿ ਜਾਂਦਾ ਹੈ ਕਿ ਭਾਰਤੀ ਵਿਵਸਥਾ ਵਾਂਗ ਕੈਨੇਡੀਅਨ ਕੋਅਪ੍ਰੇਟਿਵ ਸੁਸਾਇਟੀਆਂ ‘ਤੇ ਵੀ ਵੱਡੇ ਫਾਰਮਰ ਹੀ ਕਾਬਜ਼ ਹੋ ਜਾਂਦੇ ਹਨ। ਕੋਈ ਵੀ ਫਾਰਮਰ ਇਸ ਕੋ-ਅੱਪ ਤੋਂ ਬਾਹਰ ਫਰੂਟ ਨਹੀਂ ਵੇਚ ਸਕਦਾ। ਛੋਟੇ ਫਾਰਮਰਾਂ ਦਾ ਸ਼ੋਸ਼ਣ ਹੁੰਦਾ ਹੈ। ਪਾਠਕ ਨੂੰ ਹੋਰ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਆਪਣੇ ਦੇਸ਼ ਵਾਂਗ ਉੱਥੇ ਵੱਧ ਪੈਦਾਵਾਰ ਲੈਣ ਲਈ ਸ਼ਬਜ਼ੀਆਂ ਅਤੇ ਫਰੂਟਾਂ ‘ਤੇ ਸਪਰੇਆਂ ਦੇ ਰੂਪ ‘ਚ ਬਹੁਤ ਜ਼ਿਆਦਾ ਜ਼ਹਿਰਾਂ ਪਾਈਆਂ ਜਾਂਦੀਆਂ ਹਨ। ਪੈਸਟੀਸਾਇਡ ਤੇ ਫੰਗੀ ਸਾਇਡ ਦੀ ਅੰਨੇਵਾਹ ਵਰਤੋਂ ਦਾ ਬਿਰਤਾਂਤ ਉਸਾਰ ਕੇ ਨਾਵਲਕਾਰ ਕੈਨੇਡਾ ਦੇ ਆਰਗੈਨਿਕ ਫਰੂਟ ਦੀ ਮਿੱਥ ਨੂੰ ਵੀ ਤਰਕ ਨਾਲ ਤੋੜਦਾ ਹੈ।
ਇਸ ਨਾਵਲ ‘ਚ ਇਕ ਪਾਤਰ ਦਾ ਕਹਿਣਾ ਦਰੁਸਤ ਹੈ, ”ਮੈਂ ਤੈਨੂੰ ਦੱਸਾਂ ਇਹ ਭੋਇੰ ਵੇਖਣ ਨੂੰ ਭਾਵੇਂ ਪਥਰੀਲੀ ਏ…ਸਖਤ ਏ… ਪਰ ਹੈਗੀ ਜ਼ਰਖੇਜ਼ ਏ…ਦੁਨੀਆਂ ਦੇ ਹਰ ਕੋਨੇ ਤੋਂ ਬੇਰੁਜ਼ਗਾਰੀ ਨਾਲ ਝੰਭੇ ਬੰਦੇ ਦੀਆਂ ਏਸ ਭੋਇੰ  ‘ਚ ਜੜ੍ਹਾ ਲੱਗਦੀਆਾਂ ਨੇ ਤਾਂ ਉਹਦੇ ਹੱਥਾਂ ਨੂੰ ਡਾਲਰ ਲੱਗਣ ਲੱਗ ਪਾਂਦੇ ਨੇ…। ਏਸ ਭੌਂਇ ਦੇ ਹਰ ਕੋਨੇ ‘ਤੇ ਭਾਂਤ-ਸੁਭਾਤੇ ਬੰਦਿਆਂ ਨੇ ਆਪਣੀਆਂ ਜੜ੍ਹਾ ਐਨੀਆਂ ਡੂੰਘੀਆਂ ਲਾ ਲਈਆਂ ਨੇ ਕਿ ਅਗਲੀਆਂ ਪੀੜ੍ਹੀਆਂ ਕੋਲੋਂ ਵੀ ਪੁੱਟਣੀਆਂ ਮੁਸ਼ਕਲ ਨੇ।”
ਪਰਵਾਸੀ ਪੰਜਾਬੀ ਏਜੰਟਾਂ ਦੀਆਂ ਠੱਗੀਆਂ, ਰਿਸ਼ਤਿਆਂ ਵਿੱਚ ਆਈ ਬੇਗਾਨਗੀ, ਵਕੀਲਾਂ ਵਲੋਂ ਸਟੂਡੈਂਟਸ ਦੀ ਕੀਤੀ ਜਾਂਦੀ ਲੁੱਟ, ਵਿਗੜੇ ਵਿਦਿਆਰਥੀਆਂ ਵਲੋਂ ਗੰਦ ਪਾ ਕੇ ਸਮੁਚੇ ਭਾਈਚਾਰੇ ਦੇ ਨਾਮ ਨੂੰ ਦਾਗੀ ਕਰਨ ਜਿਹੀਆਂ ਅਨੇਕਾਂ ਸਮੱਸਿਆਵਾਂ ਨੂੰ ਨਾਵਲ ਦਾ ਵਿਸ਼ਾ ਵਸਤੂ ਬਣਾਇਆ ਹੈ। ਕੈਨੇਡਾਂ ‘ਚ ਰਹਿੰਦੇ ਪੰਜਾਬੀਆਂ ਅੰਦਰਲੇ ਜਾਤੀ ਕੋਹੜ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਸਟੂਡੈਂਟਾਂ ਨੂੰ ਪੱਕੇ ਹੋਣ ਲਈ ਕਿਵੇਂ ਥਾਂ-ਥਾਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਭਗਵੰਤ ਨੇ ਇਸਦੇ ਕੁੱਝ ਪੱਖ ਵੀ ਸਾਹਮਣੇ ਲਿਆਂਦੇ ਹਨ। ਇਹ ਸ਼ੋਸ਼ਣ ਪਰਵਾਸੀ ਪੰਜਾਬੀ ਵੱਧ ਕਰਦੇ ਹਨ। ਇਸਦੇ ਬਾਵਜੂਦ ਲੇਖਕ ਇਹ ਵਿਚਾਰ ਸਥਾਪਿਤ ਕਰਦਾ ਹੈ ਕਿ ਕੈਨੇਡਾ ਦੀ ਧਰਤੀ ਬਹੁਤ ਸਾਰੇ ਲੋਕਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਬਹੁਤ ਹੀ ਜ਼ਰਖ਼ੇਜ਼ ਹੈ। ਕੈਨੇਡਾ ਦੀ ਕਿਸਾਨੀ ਦੇ ਬਹੁਪੱਖੀ ਪਸਾਰਾਂ ਨੂੰ ‘ਜ਼ਰਖੇਜ਼’ ਨਾਵਲ ਵਿਚ ਤਰਕ ਨਾਲ ਪੇਸ਼ ਕੀਤਾ ਹੈ। ਕਿਵੇਂ ਵੱਡੀ ਕਿਸਾਨੀ ਛੋਟੀ ਕਿਸਾਨੀ ਨੂੰ ਨਿਗਲ ਰਹੀ ਹੈ। ਕਿਵੇਂ ਛੋਟੀ ਕਿਸਾਨੀ ਮਰ ਰਹੀ ਹੈ। ਨਾਵਲ ਵਿਚ ਪਾਠਕ ਨੂੰ ਅਛੂਤੇ ਬਿਰਤਾਂਤ ਪੜ੍ਹਨ ਨੂੰ ਮਿਲਦੇ ਹਨ। ਭੂਹੇਰਵਾ ਅਤੇ ਰੁਦਨ ਨਾਵਲ ਵਿਚ ਪੜ੍ਹਨ ਨੂੰ ਨਹੀਂ ਮਿਲਦਾ।
ਪਰਵਾਜ਼ ਪ੍ਰਕਾਸ਼ਨ ਜਲੰਧਰ ਵਲੋਂ ਛਾਪੇ ਗਏ ‘ਜ਼ਰਖ਼ੇਜ਼’ ਨਾਵਲ ਦਾ ਆਕਾਰ ਬਹੁਤਾ ਵੱਡਾ ਨਹੀਂ ਹੈ। ਲੇਖਕ ਨੇ ਕੇਵਲ 144 ਪੰਨਿਆਂ ਰਾਹੀਂ ਕਨੇਡੀਅਨ ਧਰਤੀ ‘ਤੇ ਸੰਤਾਪ ਭੋਗਦੇ ਗੈਰ ਕਾਨੂੰਨੀ ਖੇਤੀ ਕਾਮਿਆਂ, ਵਰਕ ਪਰਮਿਟ ‘ਤੇ ਕੰਮ ਕਰਦੇ ਵਰਕਰਾਂ, ਵਿਦਿਆਰਥੀਆਂ, ਛੋਟੇ ਫਾਰਮਰਾਂ ਅਤੇ ਅਜਿਹੇ ਹੋਰ ਲੋਕਾਂ ਦੀ ਸਰੀਰਕ, ਆਰਥਿਕ ਤੇ ਮਾਨਸਿਕ ਪੀੜਾ ਨੂੰ ਬਿਆਨ ਕਰ ਦਿੱਤਾ ਹੈ। ਨਾਵਲ ਦੀ 200 ਰੁਪਏ ਕੀਮਤ ਪਾਠਕ ਨੂੰ ਅੱਖਰਦੀ ਨਹੀਂ ਹੈ। ‘ਮੈਂ’ ਪਾਤਰ ਰਾਹੀਂ ਕੀਤਾ ਬਿਆਨ ਰੌਚਿਕ ਤੇ ਜਾਣਕਾਰੀ ਭਰਪੂਰ ਹੋ ਨਿਬੜਦਾ ਹੈ। ਗੈਰ ਪਰਵਾਸੀ ਲੇਖਕ ਦਾ ਪਰਵਾਸੀ ਯਥਾਰਥ ਨਾਵਲ ਵਿਚ ਪਹਿਲੀ ਵਾਰ ਪੇਸ਼ ਕੀਤਾ ਹੈ। ਨਾਵਲ ਦੀ ਗੋਂਦ, ਵਿਊਂਤਕਾਰੀ ਅਤੇ ਪੇਸ਼ਕਾਰੀ ਪਾਠਕ ਨੂੰ ਆਪਣੇ ਵੱਲ ਖਿੱਚਣ ਵਾਲੀ ਹੈ।

(ਗੁਰਮੀਤ ਕੜਿਆਲਵੀ ਨਾਲ ਇਸ 98726-40994 ਤੇ ਸੰਪਰਕ ਕੀਤਾ ਜਾ ਸਕਦਾ ਹੈ)