ਜਲੰਧਰ, 31 ਜਨਵਰੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡੇਰਾ ਸੱਚਖੰਡ ਬੱਲਾਂ ਦੌਰੇ ਤੋਂ ਠੀਕ ਪਹਿਲਾਂ ਅੱਜ ਸਵੇਰੇ ਜਲੰਧਰ ਦੇ 3-4 ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਗੰਭੀਰ ਧਮਕੀ ਵਾਲੇ ਈ-ਮੇਲ ਮਿਲੇ ਹਨ। ਧਮਕੀ ਵਿੱਚ ਖਾਲਿਸਤਾਨੀ ਭਾਸ਼ਾ ਅਤੇ ਸ਼ਬਦਾਵਲੀ ਵਰਤ ਕੇ ਪੀਐੱਮ ਮੋਦੀ ਵਿਰੋਧ ਅਤੇ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਬਦਲੇ ਦੀ ਗੱਲ ਕੀਤੀ ਗਈ ਹੈ।
ਈ-ਮੇਲ ਵਿੱਚ ਸਿੱਧੇ ਤੌਰ ‘ਤੇ ਡੇਰਾ ਬੱਲਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਹੈ। ਧਮਕੀ ਭੇਜਣ ਵਾਲੇ ਨੇ ਲਿਖਿਆ ਹੈ ਕਿ “ਮੋਦੀ ਦੁਸ਼ਮਣ ਹੈ ਖਾਲਿਸਤਾਨ ਵਾਲਿਆਂ ਦਾ” ਅਤੇ “ਬਦਲਾ ਬਦਲਾ ਬਦਲਾ” ਵਰਗੇ ਸ਼ਬਦ ਵਰਤੇ ਹਨ।
ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਤੁਰੰਤ ਸਕੂਲਾਂ ‘ਚ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਾਰੇ ਸਕੂਲਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਜੇ ਤੱਕ ਕਿਸੇ ਤਰ੍ਹਾਂ ਦਾ ਖਤਰਨਾਕ ਸਮਾਨ ਨਹੀਂ ਮਿਲਿਆ ਪਰ ਜਾਂਚ ਜਾਰੀ ਹੈ।
ਧਮਕੀ ਵਿੱਚ ਗੁਰੂ ਰਵਿਦਾਸ ਜੀ ਪ੍ਰਤੀ ਪੂਰਾ ਸਤਿਕਾਰ ਜ਼ਾਹਰ ਕੀਤਾ ਗਿਆ ਹੈ ਪਰ ਡੇਰਾ ਬੱਲਾਂ ਅਤੇ ਪੀਐੱਮ ਦੇ ਦੌਰੇ ਨੂੰ ਨਿਸ਼ਾਨਾ ਬਣਾਉਣ ਨਾਲ ਪੰਜਾਬ ਵਿੱਚ ਚਿੰਤਾ ਵਧ ਗਈ ਹੈ। ਪੁਲਿਸ ਨੇ ਈ-ਮੇਲ ਦੇ ਸਰੋਤ ਦੀ ਟਰੇਸਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਗੰਭੀਰ ਅੱਤਵਾਦੀ ਧਮਕੀ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ।