ਅੰਮ੍ਰਿਤਸਰ | ਅਜਨਾਲਾ ਦੇ ਪਿੰਡ ਹਰੜ ਖੁਰਦ ਵਿਖੇ ਅੱਜ 1 ਏਕੜ ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਏ ਖੂਨੀ ਤਕਰਾਰ ‘ਚ 3 ਬੱਚਿਆਂ ਦੇ ਬਾਪ ਦੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਸੰਬੰਧੀ ਥਾਣਾ ਰਮਦਾਸ ਦੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਮ੍ਰਿਤਕ ਜੋਬਨਪ੍ਰੀਤ ਸਿੰਘ ਦੇ ਭਰਾ ਅਮਰਜੀਤ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਗੱਗੋਮਾਹਲ ਵਾਸੀ ਦਵਿੰਦਰ ਸਿੰਘ ਪੱਪੀ ਧਿਰ ਨਾਲ ਇਕ ਏਕੜ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਅੱਜ ਦੁਪਹਿਰ ਸਮੇਂ ਦਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਵਲੋਂ ਸਾਡੇ ਵਲੋਂ ਬੀਜੀ ਇਕ ਏਕੜ ਕਣਕ ਨੂੰ ਵਾਹੁਣ ਉਪਰੰਤ ਪਿੰਡ ਹਰੜ ਖੁਰਦ ਵਿਖੇ ਆ ਕੇ ਸਾਡੇ ਪਰਿਵਾਰਕ ਮੈਂਬਰਾਂ ‘ਤੇ ਹਮਲਾ ਕਰਦਿਆਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਜਿਸ ਦੌਰਾਨ ਜੋਬਨਜੀਤ ਸਿੰਘ ਕੋਠੇ ‘ਤੇ ਚੜ੍ਹ ਰਿਹਾ ਸੀ ਕਿ ਇਕ ਵਿਅਕਤੀ ਵੱਲੋਂ ਚਲਾਈ ਗੋਲੀ ਉਸ ਦੇ ਸਿਰ ‘ਤੇ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜੋਬਨਜੀਤ ਸਿੰਘ ਦਾ ਕਤਲ ਕਰਨ ਵਾਲੇ ਸਾਰੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ।

ਇਸ ਸਬੰਧੀ ਪੁਲਸ ਚੌਕੀ ਗੱਗੋਮਾਹਲ ਦੇ ਇੰਚਾਰਜ ਗੁਰਇਕਬਾਲ ਸਿੰਘ ਬਾਜਵਾ ਨੇ ਕਿਹਾ ਕਿ ਜੋਬਨਜੀਤ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ, ਜਿਸ ਸਬੰਧੀ ਉਹ ਮਾਮਲੇ ਦੀ ਜਾਂਚ ‘ਚ ਜੁਟੇ ਹਨ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਏਗੀ।