ਫਾਜ਼ਿਲਕਾ, 18 ਅਕਤੂਬਰ | ਅਬੋਹਰ ਦੇ ਪਿੰਡ ਡੰਗਰਖੇੜਾ ‘ਚ ਵੀਰਵਾਰ ਰਾਤ ਡੀਜੇ ‘ਤੇ ਗੀਤ ਬਦਲਣ ਨੂੰ ਲੈ ਕੇ ਦੋ ਗੁੱਟਾਂ ‘ਚ ਖੂਨੀ ਝੜਪ ਹੋ ਗਈ, ਜਿਸ ‘ਚ ਅੱਧੀ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਦੱਸਿਆ ਜਾਂਦਾ ਹੈ ਕਿ ਇੱਕ ਨੌਜਵਾਨ ਨੂੰ ਪੁਲੀਸ ਨੇ ਹਿਰਾਸਤ ਵਿਚ ਲਿਆ ਹੈ।
ਰਮੇਸ਼ ਕੁਮਾਰ, ਰਾਜੇਸ਼ ਕੁਮਾਰ ਅਤੇ ਸੁਰੇਸ਼ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਰਿਸ਼ਤੇਦਾਰ ਮੁੰਨਾ ਲਾਲ ਦੇ ਘਰ ਦੋਹਤੇ ਦਾ ਜਨਮ ਦਿਨ ਮਨਾਉਣ ਲਈ ਪਾਰਟੀ ਸੀ, ਜਿਸ ਵਿਚ ਡੀਜੇ ਵੱਜ ਰਿਹਾ ਸੀ। ਜਦੋਂ ਸੁਰੇਸ਼ ਨੇ ਉਥੇ ਚੱਲ ਰਹੇ ਗੀਤ ਨੂੰ ਬਦਲਣ ਦੀ ਮੰਗ ਕੀਤੀ ਤਾਂ ਉਥੇ ਮੌਜੂਦ ਰੋਹਿਤ ਕੁਮਾਰ ਨਾਂ ਦੇ ਨੌਜਵਾਨ ਨੇ ਉਸ ਨਾਲ ਗਾਲੀ-ਗਲੋਚ ਕੀਤਾ, ਜਿਸ ਕਾਰਨ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਇੱਕ ਵਾਰ ਉੱਥੇ ਸਥਿਤੀ ਸ਼ਾਂਤ ਹੋਈ ਅਤੇ ਉਹ ਘਰ ਚਲੇ ਗਏ।
ਕੁਝ ਸਮੇਂ ਬਾਅਦ ਰੋਹਿਤ ਆਪਣੇ 15-20 ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਲੈ ਕੇ ਆਇਆ ਅਤੇ ਉਸ ‘ਤੇ ਹਮਲਾ ਕਰ ਦਿੱਤਾ, ਜਦ ਬਚਾਅ ‘ਚ ਰਾਜੇਸ਼, ਰਮੇਸ਼, ਮੋਹਨ ਲਾਲ, ਜਗਤ ਅਤੇ ਰਿੰਪੀ ਆਏ ਤਾਂ ਇਨ੍ਹਾਂ ਸਾਰਿਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਇਸ ਦੌਰਾਨ ਦੂਸਰੀ ਧਿਰ ਦੇ ਰੋਹਿਤ ਕੁਮਾਰ ਨੇ ਦੱਸਿਆ ਕਿ ਉਸ ਨੂੰ ਵੀ ਮੁੰਨਾ ਲਾਲ ਦੇ ਘਰ ਚੱਲ ਰਹੇ ਪ੍ਰੋਗਰਾਮ ਵਿਚ ਬੁਲਾਇਆ ਗਿਆ ਸੀ ਅਤੇ ਉਹ ਆਪਣੇ ਦੋਸਤ ਬ੍ਰਿਜਲਾਲ ਨਾਲ ਪਾਰਟੀ ਵਿਚ ਗਿਆ ਹੋਇਆ ਸੀ, ਜਿੱਥੇ ਉਸ ਨੇ ਡੀ.ਜੇ. ਚਾਲਕਾਂ ਨੂੰ ਗੀਤ ਬਦਲਣ ਲਈ ਕਿਹਾ ਤਾਂ ਉਕਤ ਪਹਿਲੀ ਧਿਰ ਨੇ ਉਸ ਨਾਲ ਅਤੇ ਬ੍ਰਿਜਲਾਲ ਨਾਲ ਲੜਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਵਿਚਕਾਰ ਲੜਾਈ ਹੋ ਗਈ ਅਤੇ ਪਹਿਲੀ ਧਿਰ ਨੇ ਪੁਲਿਸ ਨੂੰ ਬੁਲਾਇਆ, ਜੋ ਬ੍ਰਿਜਲਾਲ ਨੂੰ ਪੁੱਛਗਿਛ ਲਈ ਆਪਣੇ ਨਾਲ ਲੈ ਗਈ ਜਦੋਂ ਕਿ ਉਸ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ।