ਕੰਨੌਜ | ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਰ ਦਿਨ ਸੂਬੇ ਵਿੱਚ ਰੈਲੀਆਂ ਤੇ ਜਨਸਭਾਵਾਂ ਹੋ ਰਹੀਆਂ ਹਨ।

ਬੁੱਧਵਾਰ ਨੂੰ ਭਾਜਪਾ ਵਰਕਰ ਆਪਸ ਵਿੱਚ ਹੀ ਭਿੜ ਗਏ। ਦਰਅਸਲ ਮੰਚ ‘ਤੇ ਬੈਠਣ ਨੂੰ ਲੈ ਕੇ ਵਿਧਾਇਕਾ ਅਤੇ ਜ਼ਿਲ੍ਹਾ ਉਪ ਪ੍ਰਧਾਨ ਦੇ ਸਮਰਥਕਾਂ ਵਿਚਾਲੇ ਵਿਵਾਦ ਹੋ ਗਿਆ। ਸਥਾਨਕ ਭਾਜਪਾ ਆਗੂ ਵਿਪਿਨ ਦ੍ਰਿਵੇਦੀ ਨਾਲ ਮੰਚ ‘ਤੇ ਬੈਠਣ ਨੂੰ ਲੈ ਕੇ ਕਿਹਾ-ਸੁਣੀ ਹੋ ਗਈ।

ਮਾਮਲਾ ਇੰਨਾ ਗਰਮਾ ਗਿਆ ਕਿ ਗਾਲ੍ਹਾਂ ਦੇ ਨਾਲ-ਨਾਲ ਹੱਥੋਪਾਈ ਵੀ ਸ਼ੁਰੂ ਹੋ ਗਈ। ਮੰਚ ‘ਤੇ ਹੀ ਇਕ-ਦੂਜੇ ‘ਤੇ ਘਸੁੰਨ-ਮੁੱਕੇ ਵੀ ਚੱਲੇ।

ਇਹ ਘਟਨਾ ਕੰਨੌਜ ‘ਚ ਭਾਜਪਾ ਦੀ ਜਨ ਵਿਸ਼ਵਾਸ ਯਾਤਰਾ ਦੌਰਾਨ ਹੋਈ। ਜਨ ਸਭਾ ਲਈ ਇਕ ਮੰਚ ਤਿਆਰ ਕੀਤਾ ਗਿਆ ਸੀ। ਮੌਜੂਦਾ ਵਿਧਾਇਕ ਤੇ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਦੇ ਸਮਰਥਕਾਂ ‘ਚ ਮੰਚ ‘ਤੇ ਬੈਠਣ ਨੂੰ ਲੈ ਕੇ ਵਿਵਾਦ ਹੋ ਗਿਆ।

ਮੌਜੂਦਾ ਭਾਜਪਾ ਵਿਧਾਇਕਾ ਅਰਚਨਾ ਪਾਂਡੇ ਦੇ ਸਮਰਥਕਾਂ ‘ਤੇ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਹਮਲਾ ਕਰਨ ਦਾ ਆਰੋਪ ਹੈ। ਇਸ ਮਾਮਲੇ ਵਿੱਚ ਵਿਪਿਨ ਮੌਜੂਦਾ ਵਿਧਾਇਕਾ ਅਰਚਨਾ ਪਾਂਡੇ ਦੇ ਸਮਰਥਕਾਂ ‘ਤੇ ਕੁੱਟਮਾਰ ਦਾ ਆਰੋਪ ਲਾ ਰਹੇ ਹਨ।

ਦੱਸ ਦੇਈਏ ਕਿ ਯੂ. ਪੀ. ਵਿਚ ਸੱਤਾਧਾਰੀ ਪਾਰਟੀ ਭਾਜਪਾ ਜਨ ਵਿਸ਼ਵਾਸ ਯਾਤਰਾ ਕੱਢ ਰਹੀ ਹੈ, ਜਿਸ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬੀਤੇ 5 ਸਾਲਾਂ ‘ਚ ਕੀਤੇ ਗਏ ਵਿਕਾਸ ਕੰਮਾਂ ਦਾ ਲੇਖਾ-ਜੋਖਾ ਜਨਤਾ ਵਿਚਾਲੇ ਰੱਖਦੇ ਹਨ।