ਜਲੰਧਰ/ਮੋਗਾ|ਥਾਣਾ ਫਿਲੌਰ ਦੀ ਪੁਲਿਸ ਨੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ 2 ਕਿੱਲੋ ਹੈਰੋਇਨ, 01 ਪਿਸਟਲ, 05 ਜ਼ਿੰਦਾ ਰੌਂਦ ਸਮੇਤ ਇਕ ਇੰਟਰਨੈਸ਼ਨਲ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਕੇ ਹਾਸਲ ਵੱਡੀ ਸਫਲਤਾ ਕੀਤੀ।ਤਸਕਰ ਗਗਨਦੀਪ ਸਿੰਘ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਬੈਠੇ ਸਮਗਲਰਾਂ ਤੋਂ ਡਰੋਨਾਂ ਰਾਹੀਂ ਹੈਰੋਇਨ ਤਰਨਤਾਰਨ ਰੋਡ ਨਜ਼ਦੀਕ ਪੈਂਦੇ ਖੇਤਾਂ ਵਿਚ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਵੱਡੇ ਪੱਧਰ ‘ਤੇ ਸਪਲਾਈ ਕਰਦਾ ਸੀ।

ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਇਕ ਅੰਤਰਰਾਸ਼ਟਰੀ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ (02 ਕਿੱਲੋ), ਪਿਸਟਲ 01 ਅਤੇ ਜਿੰਦਾ ਰੌਂਦ 5 ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜ਼ਿਲਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਥਾਣਾ ਫਿਲੌਰ ਵਿੱਚ ਦੋਸ਼ੀ ਗੁਰਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪੰਜਢੌਰਾ ਨੂੰ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗਗਨਦੀਪ ਸਿੰਘ ਵਾਸੀ ਸਰਵਣ ਪਾਰਕ ਰਾਹੋਂ ਰੋਡ ਲੁਧਿਆਣਾ ਪਾਸੋਂ ਮੋਗਾ ਸਾਈਡ ਤੋਂ ਹੈਰੋਇਨ ਲਿਆ ਕੇ ਵੇਚਦਾ ਹੈ, ਜਿਸ ‘ਤੇ ਇੰਸਪੈਕਟਰ ਸੁਰਿੰਦਰ ਕੁਮਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਮੋਗਾ ਸਿਟੀ ਏਰੀਆ ਵਿੱਚ ਰੇਡ ਕੀਤੀ ਗਈ, ਜਿੱਥੇ ਨਸ਼ਾ ਤਸਕਰਾਂ ਨਾਲ ਪੁਲਿਸ ਦਾ ਮੁਕਾਬਲਾ ਹੋ ਗਿਆ।

ਇਸ ਦੌਰਾਨ ਪੁਲਸ ਮੁਲਾਜ਼ਮ ਮਨਦੀਪ ਸਿੰਘ ਦੇ ਗੋਲੀ ਲੱਗ ਗਈ। ਗੋਲੀ ਲੱਗਣ ਦੇ ਬਾਵਜੂਦ ਵੀ ਇਸ ਮੁਲਾਜ਼ਮ ਨੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਇੱਕ ਨਸ਼ਾ ਤਸਕਰ ਗਗਨਦੀਪ ਨੂੰ ਕਾਬੂ ਕਰ ਲਿਆ, ਜਦਕਿ ਉਸ ਦਾ ਦਾ ਇੱਕ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਖਮੀ ਪੁਲਿਸ ਕਰਮਚਾਰੀ ਨੂੰ ਸਿਵਲ ਹਸਪਤਾਲ ਮੋਗਾ ਤੋਂ ਮੁਢਲੀ ਡਾਕਟਰੀ ਸਹਾਇਤਾ ਦਿਵਾਉਣ ਉਪਰੰਤ ਇਲਾਜ ਲਈ ਗਲੋਬਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ, ਜਿਥੇ ਉਹ ਜ਼ੇਗੇ ਇਲਾਜ ਹੈ। ਦੋਸ਼ੀ ਗਗਨਦੀਪ ਸਿੰਘ ਊਰਫ ਮੌਰ ਪੁੱਤਰ ਤੀਰਥ ਸਿੰਘ ਵਾਸੀ ਸਰਵਣ ਪਾਰਕ ਰਾਹੋਂ ਰੋਡ ਥਾਣਾ ਟਿੱਬੇਵਾਲਾ ਲੁਧਿਆਣਾ ਦੀ ਨਿਸ਼ਾਨਦੇਹੀ ‘ਤੇ 2 ਕਿੱਲੋ ਹੈਰੋਇਨ, 1 ਪਿਸਟਲ ਅਤੇ 5 ਜਿੰਦਾ ਰੌਂਦ ਬਰਾਮਦ ਕੀਤੇ ਗਏ।

ਇਸ ਤੋਂ ਇਲਾਵਾ ਦੋਸ਼ੀ ਗਗਨਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੇ ਖਿਲਾਫ ਪਹਿਲਾਂ ਵੀ ਇੱਕ ਕਤਲ ਦਾ ਮੁਕੱਦਮਾ ਰਜਿਸਟਰ ਹੈ, ਜਿਸ ਵਿੱਚ ਉਸ ਵੱਲੋਂ ਅਮਿਤ ਕੁਮਾਰ ਵਾਸੀ ਰਾਹੋਂ ਰੋਡ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਵਿਚ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ। ਜੇਲ ਵਿੱਚ ਇਸ ਦੇ ਨਸ਼ਾ ਤਸਕਰਾਂ ਨਾਲ ਲਿੰਕ ਹੋ ਗਏ ਸੀ ਅਤੇ ਜ਼ਮਾਨਤ ‘ਤੇ ਆ ਕੇ ਉਸ ਨੇ ਦੁਬਾਰਾ ਫਿਰ ਇਨ੍ਹਾਂ ਸਾਥੀ ਨਸ਼ਾ ਤਸਕਰਾਂ ਤੋਂ ਅਸਲਾ ਹਾਸਲ ਕਰ ਕੇ 2 ਥ੍ਰੀ ਵ੍ਹੀਲਰ ਚਾਲਕਾਂ ‘ਤੇ ਗੋਲੀਆ ਨਾਲ ਫਾਇਰ ਕਰ ਦਿੱਤੇ ਸੀ ਅਤੇ ਇਸ ਤੋਂ ਬਾਅਦ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ ਅਤੇ ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਦੇ ਏਰੀਆ ਵਿੱਚ ਇਨ੍ਹਾਂ ਨਸ਼ਾ ਤਸਕਰਾਂ ਵੱਲੋਂ ਦਿੱਤੀਆਂ ਥਾਵਾਂ ‘ਤੇ ਰਹਿੰਦਾ ਰਿਹਾ ਹੈ। ਇਸੀ ਦੌਰਾਨ ਉਹ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ। ਇਹ ਹੈਰੋਇਨ ਉਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਬੈਠੇ ਸਮੱਗਲਰਾਂ ਤੋਂ ਡਰੋਨ ਰਾਹੀਂ ਤਰਨਤਾਰਨ ਬਾਰਡਰ ਨਜ਼ਦੀਕ ਪੈਂਦੇ ਖੇਤਾਂ ਵਿੱਚ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਵੱਡੇ ਪੱਧਰ ‘ਤੇ ਸਪਲਾਈ ਕਰਦਾ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।