ਹਰਿਆਣਾ, 29 ਸਤੰਬਰ | ਕਾਂਗਰਸ ਨੇ ਸ਼ਨੀਵਾਰ ਨੂੰ ਚੰਡੀਗੜ੍ਹ ‘ਚ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਕਾਂਗਰਸ ਦੇ 40 ਪੰਨਿਆਂ ਦੇ ਚੋਣ ਮਨੋਰਥ ਪੱਤਰ ਵਿੱਚ ਪਾਰਟੀ ਨੇ ਲੋਕਾਂ ਨੂੰ 25 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਅਤੇ ਔਰਤਾਂ ਨੂੰ 2000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਤੋਂ ਪਾਣੀ ਲੈਣ ਦਾ ਵਾਅਦਾ ਕੀਤਾ ਗਿਆ ਹੈ।

ਇਸ ਤੋਂ ਸੱਤ ਦਿਨ ਪਹਿਲਾਂ ਦਿੱਲੀ ਵਿੱਚ ਕਾਂਗਰਸ ਨੇ ਹਰਿਆਣਾ ਦੇ ਲੋਕਾਂ ਲਈ ਸੱਤ ਗਾਰੰਟੀਆਂ ਦਾ ਐਲਾਨ ਕੀਤਾ ਸੀ। ਇਹ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਅਗਵਾਈ ਹੇਠ ਸੱਤ ਵਾਅਦਿਆਂ ਅਤੇ ਦ੍ਰਿੜ ਇਰਾਦਿਆਂ ਦੇ ਨਾਂ ‘ਤੇ ਜਾਰੀ ਕੀਤਾ ਗਿਆ ਸੀ।

ਹਰਿਆਣਾ ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਵਿੱਚ ਕਿਹਾ ਹੈ ਕਿ ਅਸੀਂ ਸਿੰਚਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਐਸਵਾਈਐਲ ਨਹਿਰ ਦਾ ਨਿਰਮਾਣ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਜੋ ਸੁਪਰੀਮ ਕੋਰਟ ਤੋਂ ਫ਼ੈਸਲਾ ਸਾਡੇ ਹੱਕ ਵਿੱਚ ਆਇਆ ਹੈ ਉਸ ਨੂੰ ਲਾਗੂ ਕਰਾਂਗੇ।