ਮੁਕਤਸਰ ਸਾਹਿਬ, 25 ਜਨਵਰੀ | ਇਥੇ ਇੱਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ਵਿਚ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਭੈਣ ਮਮਤਾ ਰਾਣੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਪਿੰਡ ਦੋਦਾ ਨੇੜੇ ਵਾਪਰਿਆ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਮਤਾ ਰਾਣੀ ਤੇ ਹੋਰ ਲੋਕ ਜਲਾਲਾਬਾਦ ਦੇ ਪਿੰਡ ਮੋਹਲਵੀ ਵਾਲਾ ਤੋਂ ਬਠਿੰਡਾ ਜਾ ਰਹੇ ਸਨ। ਦੋਦਾ ਪਿੰਡ ਨੇੜੇ ਉਸ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਮਮਤਾ ਰਾਣੀ ਜੋ ਕਿ ਪਿੰਡ ਮੋਲਵੀ ਵਾਲਾ ਦੇ ਸਰਪੰਚ ਅਮਰੀਕ ਸਿੰਘ ਦੀ ਪਤਨੀ ਸੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸੇ ਵਿਚ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਮਤਾ ਰਾਣੀ ਆਪਣੇ ਪਿਤਾ ਨੂੰ ਮਿਲਣ ਲਈ ਬਠਿੰਡਾ ਦੇ ਹਸਪਤਾਲ ਜਾ ਰਹੀ ਸੀ, ਜਿੱਥੇ ਉਸ ਦੇ ਪਿਤਾ ਦਾ ਇਲਾਜ ਚੱਲ ਰਿਹਾ ਹੈ। ਮਮਤਾ ਰਾਣੀ ਧਨੀ ਮੋਹਰੀ ਰਾਮ ਦੇ ਸਰਪੰਚ ਸੁਧੀਰ ਕੰਬੋਜ ਦੀ ਭੈਣ ਵੀ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਦਿੱਲੀ ‘ਚ ਚੋਣ ਪ੍ਰਚਾਰ ਕਰ ਰਹੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਆਪਣਾ ਪ੍ਰੋਗਰਾਮ ਬੰਦ ਕਰ ਕੇ ਤੁਰੰਤ ਮੌਕੇ ‘ਤੇ ਰਵਾਨਾ ਹੋ ਗਏ |