ਨਵੀਂ ਦਿੱਲੀ, 13 ਦਸੰਬਰ | ਲੋਕ ਸਭਾ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਬੀ ਸਾਹਮਣੇ ਆਈ ਹੈ। 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਕਥਿਤ ਤੌਰ ‘ਤੇ ਗੈਸ ਕੱਢਣ ਵਾਲੀਆਂ ਚੀਜ਼ਾਂ ਸੁੱਟੀਆਂ। ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸਦਨ ਵਿਚ ਸੁਰੱਖਿਆ ਵਿਚ ਕੁਤਾਹੀ ਅਤੇ ਹੰਗਾਮੇ ਦੀ ਘਟਨਾ ‘ਤੇ ਬੋਲਦੇ ਕਿਹਾ ਕਿ “ਦੋ ਨੌਜਵਾਨਾਂ ਨੇ ਗੈਲਰੀ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਵੱਲੋਂ ਕੋਈ ਚੀਜ਼ ਸੁੱਟੀ ਗਈ, ਜਿਸ ਤੋਂ ਗੈਸ ਨਿਕਲ ਰਹੀ ਸੀ। ਉਨ੍ਹਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ, ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਾਹਰ ਲਿਆਂਦਾ। ਸਦਨ ਨੂੰ ਦੁਪਹਿਰ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਯਕੀਨੀ ਤੌਰ ‘ਤੇ ਸੁਰੱਖਿਆ ਦੀ ਕੁਤਾਹੀ ਹੈ ਕਿਉਂਕਿ ਅੱਜ ਅਸੀਂ 2001 (ਸੰਸਦ ਹਮਲੇ) ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਲੋਕਾਂ ਦੀ ਬਰਸੀ ਮਨਾਈ।
ਇਹ ਘਟਨਾ ਬਹੁਤ ਗੰਭੀਰ ਹੈ ਕਿਉਂਕਿ ਅੱਜ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਸੀ ਅਤੇ ਉਸੇ ਦਿਨ ਸੁਰੱਖਿਆ ‘ਚ ਅਜਿਹੀ ਢਿੱਲ ਡਰਾਉਣ ਵਾਲੀ ਹੈ। ਕਾਰਵਾਈ ਦੌਰਾਨ ਦੋ ਅਣਪਛਾਤੇ ਵਿਅਕਤੀ ਸਦਨ ਅੰਦਰ ਵੜ ਗਏ। ਇਨ੍ਹਾਂ ਵਿਚੋਂ ਇਕ ਵਿਅਕਤੀ ਕੁਝ ਗੈਸ ਵਰਗੀ ਚੀਜ਼ ਦਾ ਛਿੜਕਾਅ ਕਰ ਰਿਹਾ ਸੀ। ਜਿਵੇਂ ਹੀ ਉਨ੍ਹਾਂ ਨੇ ਛਾਲ ਮਾਰੀ ਤਾਂ ਵਿਰੋਧੀ ਸੰਸਦ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਸੰਸਦ ਮੈਂਬਰ ਦਾਨਿਸ਼ ਅਲੀ ਨੇ ਕਿਹਾ ਕਿ ਇਕਦਮ ਧੂੰਆਂ ਉਠਣ ਲੱਗਾ। ਉਨ੍ਹਾਂ ਦਾਅਵਾ ਕੀਤਾ ਕਿ ਇਕ ਵਿਅਕਤੀ ਦਾ ਨਾਂ ਸਾਗਰ ਹੈ।
ਉਥੇ ਹੀ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਡਿੰਪਲ ਯਾਦਵ ਨੇ ਕਿਹਾ ਕਿ ਜੋ ਵੀ ਇਥੇ ਆਉਂਦਾ ਹੈ – ਚਾਹੇ ਉਹ ਮਹਿਮਾਨ ਹੋਵੇ ਜਾਂ ਪੱਤਰਕਾਰ – ਉਹ ਟੈਗ ਨਹੀਂ ਰੱਖਦੇ। ਇਸ ਲਈ ਮੈਂ ਸਮਝਦੀ ਹਾਂ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਆ ਦੀ ਕਮੀ ਹੈ।
ਇੰਨਾ ਹੀ ਨਹੀਂ ਸੰਸਦ ਦੇ ਬਾਹਰੋਂ 2 ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ। ਇਕ ਆਦਮੀ ਅਤੇ ਔਰਤ ਨੇ ਤਾਨਾਸ਼ਾਹੀ ਬੰਦ ਕਰਨ ਦੇ ਨਾਅਰੇ ਲਗਾਉਂਦੇ ਹੋਏ ਕੈਂਪਸ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਦੋਵਾਂ ਨੂੰ ਮੌਕੇ ਤੋਂ ਫੜ ਕੇ ਉਥੋਂ ਲੈ ਗਈ। ਉਹ ਦੋਵੇਂ ਪਟਾਕੇ ਲੈ ਕੇ ਪੁੱਜੇ ਸਨ ਅਤੇ ਉਨ੍ਹਾਂ ਨੂੰ ਸਾੜਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਦੋਵਾਂ ਨੂੰ ਸੰਸਦ ਮਾਰਗ ਤੋਂ ਥਾਣੇ ਲੈ ਗਈ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।