ਪਟਿਆਲਾ | ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸਿੱਧੂ 317 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ। ਸਿੱਧੂ ਦੇ ਬਾਹਰ ਆਉਣ ‘ਤੇ ਸਮਰਥਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਮੌਕੇ ਉਨ੍ਹਾਂ ਦੇ ਸਮਰਥਕਾਂ ਅਤੇ ਵਰਕਰਾਂ ਨੇ ਖੁਸ਼ੀ ਵਿਚ ਭੰਗੜੇ ਪਾਏ।
ਦੱਸ ਦਈਏ ਕਿ ਨਵਜੋਤ ਸਿੱਧੂ 35 ਸਾਲ ਪੁਰਾਣੇ ਰੋਡ ਰੇਜ਼ ਕੇਸ ਵਿਚ 1 ਸਾਲ ਦੀ ਸਜ਼ਾ ਕੱਟ ਰਹੇ ਸਨ। ਪਿਛਲੇ ਸਾਲ ਮਈ ਮਹੀਨੇ ‘ਚ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਟਿਆਲਾ ਦੀ ਇਕ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਸੀ।
ਬਾਹਰ ਆਉਂਦੇ ਹੀ ਉਨ੍ਹਾਂ ਨੇ ਬੁੱਲ੍ਹਾਂ ’ਤੇ ਉਂਗਲ ਰੱਖ ਕੇ, ਹੱਥ ਜੋੜ ਕੇ ਸਮਰਥਕਾਂ ਦਾ ਧੰਨਵਾਦ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਖੌਫ਼ਜ਼ਦਾ ਹੈ। ਜਦੋਂ ਵੀ ਤਾਨਾਸ਼ਾਹੀ ਇਸ ਦੇਸ਼ ਵਿਚ ਆਈ ਹੈ ਤਾਂ ਕ੍ਰਾਂਤੀ ਆਈ ਹੈ। ਉਨ੍ਹਾਂ ਕਿਹਾ ਕਿ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਰਾਹੁਲ ਗਾਂਧੀ ਦੇਸ਼ ਵਿਚ ਹੁਣ ਕ੍ਰਾਂਤੀ ਦਾ ਨਾਮ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਜੇ ਮੇਰਾ ਛੋਟਾ ਭਰਾ ਭਗਵੰਤ ਸੁਣ ਰਿਹਾ ਹੈ ਤਾਂ ਇਹ ਉਸ ਲਈ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੇਰੀ ਪਤਨੀ ਕੈਂਸਤ ਤੋਂ ਪੀੜਤ ਹੈ, ਪਰ ਫਿਰ ਵੀ ਉਸ ਨੇ ਛੁੱਟੀ ਨਹੀਂ ਲਈ। ਉਨ੍ਹਾਂ ਕਿਹਾ ਕਿ ਅੱਜ ਮੁਸੀਬਤ ਦੀ ਘੜੀ ਵਿਚ ਕਾਂਗਰਸ ਪਾਰਟੀ ਨਾਲ ਖੜ੍ਹਾਂ ਹਾਂ। ਸਿੱਧੂ ਨੇ ਕਿਹਾ ਕਿ ਜਾਣਬੁੱਝ ਕੇ ਦੇਰੀ ਨਾਲ ਰਿਹਾਈ ਕੀਤੀ ਗਈ ਤਾਂ ਜੋ ਜੇਲ੍ਹ ਦੇ ਬਾਹਰੋਂ ਸਮਰਥਕ ਚਲੇ ਜਾਣ ਤੇ ਉਨ੍ਹਾਂ ਦੀ ਆਵਾਜ਼ ਕੋਈ ਸੁਣ ਨਾ ਸਕੇ। ਕੇਂਦਰ ਰਾਜਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਨੂੰ ਕਮਜ਼ੋਰ ਕਰਕੇ ਕੋਈ ਸਰਕਾਰ ਤਕੜੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅੱਜ ਸੰਸਥਾਵਾਂ ਗੁਲਾਮ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਪੁਰਖਿਆਂ ਨੇ ਦੇਸ਼ ਨੂੰ ਆ਼ਜ਼ਾਦ ਕਰਵਾਇਆ ਸੀ। ਅੱਜ ਉਨ੍ਹਾਂ ਪੁਰਖਿਆਂ ਦੀ ਪ੍ਰੇਰਣਾ ਨਾਲ ਰਾਹੁਲ ਗਾਂਧੀ ਦੀ ਦੇਸ਼ ਵਿਚ ਦਹਾੜ ਹੈ।