ਨਵੀਂ ਦਿੱਲੀ . ਰਾਸ਼ਟਰਪਤੀ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਬ ਫਾਲਕੇ ਨਾਲ ਸਨਮਾਨਿਤ ਕੀਤਾ। ਅਮਿਤਾਭ ਬੱਚਨ ਨੂੰ ਪਿਛਲੇ ਸੋਮਵਾਰ ਕਰਵਾਏ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਜਾਣਾ ਸੀ, ਪਰ ਉਹ ਕਿਸੇ ਕਾਰਨ ਇਸ ਸਮਾਰੋਹ ‘ਚ ਸ਼ਿਰਕਤ ਨਹੀਂ ਕਰ ਸਕੇ ਸਨ, ਜਿਸ ਤੋਂ ਬਾਅਦ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਾਰ ਨੇ ਐਲਾਨ ਕੀਤਾ ਸੀ ਕਿ ਹਿੰਦੀ ਸਿਨੇਮਾ ਦੀ ਉੱਘੀ ਹਸਤੀ ਨੂੰ ਐਤਵਾਰ ਨੂੰ ਰਾਸ਼ਟਰਪਤੀ ਵਲੋਂ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਸਿਨੇਮਾ ਦੇ ਪਿਤਾਮਾ ਢੁੰਡੀਰਾਜ ਗੋਵਿੰਦ ਫਾਲਕੇ ਪੁਰਸਕਾਰ ਨਾਂ ‘ਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੀ ਸ਼ੁਰੂਆਤ 1969 ‘ਚ ਹੋਈ ਸੀ।