ਬਰਨਾਲਾ, 10 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਤਪਾ-ਤਾਜੋਕੇ ਰੋਡ ‘ਤੇ ਵੱਡਾ ਹਾਦਸਾ ਵਾਪਰ ਗਿਆ। ਇਥੇ ਨਿਰਮਾਣ ਅਧੀਨ ਗੋਬਰ ਗੈਸ ਪਲਾਂਟ ਵਿਚ ਕੰਮ ਕਰ ਰਹੇ ਇਕ ਇੰਜੀਨੀਅਰ ਤੇ ਉਸ ਦੇ ਸਾਥੀ ਦੀ ਗੈਸ ਨਾਲ ਦਮ ਘੁਟਣ ਕਾਰਨ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਤਰਸੇਮ ਚੰਦ ਵਾਸੀ ਤਪਾ ਵੱਲੋਂ ਗੋਬਰ ਗੈਸ ਪਲਾਂਟ ਦਾ ਨਿਰਮਾਣ ਕਰਦੇ ਸਮੇਂ ਇੰਜੀਨੀਅਰ ਅਨਿਲ ਕੁਮਾਰ ਪੁੱਤਰ ਓਮ ਸਿੰਘ ਤੇ ਉਸਦਾ ਸਾਥੀ ਮੋਹਿਤ ਕੁਮਾਰ ਵਾਸੀ ਨਰਸ਼ਾਨ ਕਲਾਂ ਪਲਾਂਟ ਵਿਚ ਬਣੇ ਲਗਭਗ 10 ਫੁੱਟ ਡੂੰਘੇ ਗੱਡੇ ਵਿਚ ਪੌੜੀ ਲਗਾ ਕੇ ਪਾਈਪ ਕੱਟ ਰਹੇ ਸਨ। ਅਚਾਨਕ ਪੌੜੀ ਫਿਸਲ ਗਈ ਤੇ ਅਨਿਲ ਕੁਮਾਰ ਪੌੜੀ ਸਣੇ ਗੱਡੇ ਵਿਚ ਜਾ ਡਿੱਗਾ।

ਉਸ ਦਾ ਸਾਥੀ ਅਨਿਲ ਕੁਮਾਰ ਨੂੰ ਬਚਾਉਣ ਲਈ ਹੇਠਾਂ ਆਇਆ ਤਾਂ ਗੈਸ ਕਰਕੇ ਦੋਵਾਂ ਦਾ ਦਮ ਘੁਟਣ ਕਾਰਨ ਮੌਤ ਹੋ ਗਈ। ਜਦੋਂ ਪਲਾਂਟ ਮਾਲਕ ਤੇ ਹੋਰ ਮੁਲਾਜ਼ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾਇਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।