ਫਰੀਦਕੋਟ/ਸਾਦਿਕ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਸਾਦਿਕ ਤੋਂ ਗੁਰੂਹਰਸਹਾਏ ਵਾਲੀ ਸੜਕ ‘ਤੇ ਹਾਦਸੇ ‘ਚ ਇਕ ਵਿਅਕਤੀ ਤੇ ਅਨੇਕਾਂ ਜਾਨਵਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਗਰਦਾਵਰ ਸਿੰਘ ਵਾਸੀ ਗੁਰੂਹਰਸਹਾਏ ਰੋਡ ਸਾਦਿਕ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਨੂੰ ਮੈਂ ਆਪਣੇ ਘਰ ਸੌਂ ਰਿਹਾ ਸੀ ਤਾਂ ਰਾਤ ਕਰੀਬ ਸਾਢੇ 9 ਵਜੇ ਐਕਸੀਡੈਂਟ ਦੀ ਆਵਾਜ਼ ਸੁਣੀ।
ਜਿਵੇਂ ਹੀ ਅਸੀਂ ਬਾਹਰ ਆ ਕੇ ਦੇਖਿਆ ਗੁਰੂਹਰਸਹਾਏ ਵਾਲੀ ਸੜਕ ‘ਤੇ ਪੈਂਦੇ ਮੋੜ ‘ਤੇ ਇਕ ਟਰੱਕ ਯੂਪੀ 11 ਬੀਟੀ 7318 ਉਲਟਿਆ ਹੋਇਆ ਸੀ, ਜਿਸ ‘ਤੇ ਕਰੀਬ 100 ਕੱਟੇ (ਮੱਝਾਂ ਦੇ ਬੱਚੇ) ਜਿਨ੍ਹਾਂ ਨੂੰ ਟਰੱਕ ਵਿਚ 2 ਛੱਤਾਂ ਪਾ ਕੇ ਰੱਸਿਆਂ ਨਾਲ ਬੁਰੀ ਤਰ੍ਹਾਂ ਬੰਨ੍ਹਿਆ ਹੋਇਆ ਸੀ। ਟਰੱਕ ਪਲਟਣ ਨਾਲ ਉਨ੍ਹਾਂ ਦੇ ਗਲ ਵਿਚ ਪਾਏ ਰੱਸਿਆਂ ਕਰਕੇ ਦਮ ਘੁਟਣ ਨਾਲ ਮਰ ਗਏ ਤੇ ਕੁਝ ਸੜਕ ‘ਤੇ ਡਿੱਗ ਗਏ। ਜਦੋਂ ਕੋਲ ਜਾ ਕੇ ਦੇਖਿਆ ਤਾਂ ਮਰੇ ਹੋਏ ਕੱਟਿਆਂ ਵਿਚ 2 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਪਏ ਸਨ ਜਿਨ੍ਹਾਂ ਨੂੰ ਰਾਹਗੀਰਾਂ ਨੇ ਚੁੱਕ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਏਐਸਆਈ ਹਰਜੋਤ ਸਿੰਘ, ਹੌਲਦਾਰ ਜਸਪ੍ਰੀਤ ਸਿੰਘ, ਸਿਪਾਹੀ ਸੁਖਬੀਰ ਸਿੰਘ ਸਮੇਤ ਮੌਕੇ ‘ਤੇ ਪੁੱਜੇ। ਥਾਣਾ ਸਾਦਿਕ ਵਿਖੇ ਰਿਹਾਨ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਲਗਭਗ 30 ਮਰੇ ਹੋਏ ਕੱਟੇ ਸਾਦਿਕ ਦੇ ਹੱਡਾ-ਰੋੜੀ ਵਿਚ ਸੁੱਟ ਦਿੱਤੇ ਗਏ ਜਦੋਂਕਿ ਬਾਕੀਆਂ ਨੂੰ ਰਾਤ ਨੂੰ ਦੂਸਰੇ ਟਰੱਕ ਵਿਚ ਲੱਦ ਕੇ ਲੈ ਗਏ। ਸਹਾਇਕ ਥਾਣੇਦਾਰ ਹਰਜੋਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਕ ਹੋਰ ਵਿਅਕਤੀ ਮੌਕੇ ‘ਤੇ ਹਾਜ਼ਰ ਸੀ। ਉਸ ਦਾ ਨਾਂ-ਪਤਾ ਪੁੱਛਿਆ ਤਾਂ ਉਸ ਨੇ ਰਿਹਾਨ ਪੁੱਤਰ ਕੇਸਰ ਵਾਸੀ ਸਹਾਰਨਪੁਰ ਯੂਪੀ ਦੱਸਿਆ ਤੇ ਟਰੱਕ ਵਿਚਲਾ ਸਾਰਾ ਮਾਲ ਵੀ ਉਸ ਨੇ ਆਪਣਾ ਹੀ ਦੱਸਿਆ। ਉਸ ਨੇ ਕਿਹਾ ਕਿ ਇਨ੍ਹਾਂ ਪਸ਼ੂਆਂ ਨੂੰ ਅਸੀਂ ਸਹਾਰਨਪੁਰ ਲੈ ਕੇ ਚੱਲੇ ਸੀ ਪਰ ਹਾਦਸਾ ਵਾਪਰ ਗਿਆ। ਇਹ ਵਿਅਕਤੀ ਬੇਜ਼ੁਬਾਨ ਕੱਟਿਆਂ ਨੂੰ ਟਰੱਕ ਵਿਚ ਬੁਰੇ ਤਰੀਕੇ ਨਾਲ ਨਾਜਾਇਜ਼ ਤੌਰ ‘ਤੇ ਲਿਜਾ ਰਹੇ ਸਨ, ਜਿਸ ਕਰਕੇ ਮੌਤ ਹੋਈ।