ਸੰਗਰੂਰ, 5 ਅਕਤੂਬਰ | ਬੀਤੀ ਰਾਤ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ‘ਤੇ ਭਵਾਨੀਗੜ੍ਹ ਨੇੜੇ ਇਕ ਪੀ.ਆਰ.ਟੀ.ਸੀ. ਦੀ ਬੱਸ ਪਲਟ ਗਈ ਸੀ, ਜਿਸ ਕਾਰਨ 15 ਦੇ ਕਰੀਬ ਯਾਤਰੀਆਂ ਦੇ ਗੰਭੀਰ ਸੱਟਾਂ ਆਈਆਂ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਸੰਗਰੂਰ ਦੇ ਪਿੰਡ ਬਾਦਲ ਕਲਾਂ ਦੇ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪਟਿਆਲਾ ਤੋਂ ਬੱਸ ਵਿਚ ਆ ਰਿਹਾ ਸੀ, ਭਵਾਨੀਗੜ੍ਹ ਉਤਰਨਾ ਸੀ। ਭਵਾਨੀਗੜ੍ਹ ਤੋਂ 2 ਕਿਲੋਮੀਟਰ ਪਹਿਲਾਂ ਹੀ ਬੱਸ ਪਲਟ ਗਈ। ਮ੍ਰਿਤਕ ਘਰ ਚ ਕਮਾਉਣ ਵਾਲਾ ਇਕੱਲਾ ਸੀ। ਉਹ ਆਪਣੇ ਪਿੱਛੇ ਮਾਤਾ, ਪਤਨੀ, ਬੱਚੇ ਤੇ ਦੋ ਛੋਟੀਆਂ ਕੁਆਰੀਆਂ ਭੈਣਾਂ ਛੱਡ ਗਿਆ। ਇਸ ਖ਼ਬਰ ਤੋਂ ਬਾਅਦ ਪਿੰਡ ਚ ਸੋਗ ਦੀ ਲਹਿਰ ਫੈਲ ਗਈ।
ਇਹ ਬੱਸ ਪਟਿਆਲਾ ਤੋਂ ਬਠਿੰਡਾ ਵੱਲ ਜਾ ਰਹੀ ਸੀ, ਹਾਦਸੇ ਸਮੇਂ ਇਸ ‘ਚ ਕਰੀਬ 50 ਸਵਾਰੀਆਂ ਮੌਜੂਦ ਸਨ। ਜਦੋਂ ਬੱਸ ਨਜ਼ਦੀਕ ਸਥਿਤ ਹਨੀ ਢਾਬੇ ਨੇੜੇ ਪਹੁੰਚੀ ਤਾਂ ਅਚਾਨਕ ਇਕ ਟੈਂਕਰ ਸੜਕ ‘ਤੇ ਆ ਗਿਆ, ਜਿਸ ਨਾਲ ਟੱਕਰ ਤੋਂ ਬਚਾਉਂਦੇ ਸਮੇਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਤੇ ਤੁਰੰਤ ਜ਼ਖ਼ਮੀਆਂ ਨੂੰ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)