ਜਲੰਧਰ . ਕਹਿੰਦੇ ਹਨ ਕਿ ਕਿਸੇ ਵੀ ਬੀਮਾਰੀ ਦੇ ਇਲਾਜ ਨਾਲੋਂ, ਉਸ ਤੋਂ ਬਚਾਵ ਕਰਨਾ ਹੀ ਚੰਗਾ ਹੁੰਦਾ ਹੈ। ਅਤੇ ਇਹ ਉਦੋਂ ਹੀ ਮੁਮਕਿਨ ਹੈ, ਜੇਕਰ ਬੀਮਾਰੀ ਤੇ ਇਸ ਤੋਂ ਬਚਾਵ ਦੇ ਸਾਰੇ ਤਰੀਕਿਆਂ ਦੀ ਪੂਰੀ ਜਾਣਕਾਰੀ ਹੋਵੇ। ਸਿਹਤ ਵਿਭਾਗ ਦੇ ਮਾਸ ਮੀਡਿਆ ਵਿੰਗ ਦੇ ਮੋਢਿਆਂ ਤੇ ਇਹੀ ਸਭ ਤੋਂ ਮਹੱਤਵਪੂਰਨ ਜਿੰਮੇਵਾਰੀ ਹੈ- ਕੋਰੋਨਾ ਸਮੇਤ ਸਾਰੀਆਂ ਬੀਮਾਰੀਆਂ ਤੋਂ ਬਚਾਵ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ। ਕੋਰੋਨਾ ਦੇ ਖਿਲਾਫ ਬੀਤੇ ਤਿੰਨ ਮਹੀਨਿਆਂ ਤੋਂ ਜਾਰੀ ਲੜਾਈ ਦਰਮਿਆਨ ਵੀ ਮਾਸ ਮੀਡਿਆ ਵਿੰਗ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਾ ਸਿਰਫ ਅਖਬਾਰਾਂ, ਟੀਵੀ, ਰੇਡੀਓ ਵਰਗੇ ਮਾਧਮਾਂ ਦੀ ਵਰਤੋਂ ਕਰ ਰਿਹਾ ਹੈ, ਸਗੋਂ ਸੋਸ਼ਲ ਮੀਡਿਆ ਮਾਧਮਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਅਤੇ ਸੂਚਨਾਵਾਂ ਪ੍ਰਦਾਨ ਕਰ ਰਿਹਾ ਹੈ। ਮਾਸ ਮੀਡਿਆ ਵਿੰਗ ਦੇ ਮੁਖੀ ਅਤੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਿਰਪਾਲ ਸਿੰਘ ਝੱਲੀ ਦੀ ਅਗਵਾਈ ਵਿੱਚ ਬਲਾਕ ਐਕਸਟੈਂਸ਼ਨ ਐਜੂਕੇਟਰ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਇੱਕ ਬਦਲੀ ਹੋਈ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਪ੍ਰਚਾਰ ਦੀ ਜਿੰਮੇਦਾਰੀ ਤੋਂ ਅੱਗੇ ਜਾ ਕੇ ਉਹ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚ ਨਾ ਸਿਰਫ ਸਰਵੇ ਟੀਮਾਂ ਦੀ ਅਗਵਾਈ ਕਰ ਰਹੇ ਹਨ, ਸਗੋਂ ਪੈਰਾ-ਮੈਡੀਕਲ ਸਟਾਫ, ਐਸਐਮਓ ਅਤੇ ਹੋਰ ਵਿਭਾਗਾਂ ਦੇ ਵਿਚਕਾਰ ਇੱਕ ਕੜੀ ਦਾ ਵੀ ਕੰਮ ਕਰ ਰਹੇ ਹਨ।

ਕੋਰੋਨਾ ਦੇ ਖਿਲਾਫ ਮੋਰਚੇਬੰਦੀ ਵਿੱਚ ਮਹੱਤਵਪੂਰਨ ਭੂਮਿਕਾ

ਸਿਹਤ ਵਿਭਾਗ ਦੀ ਕੋਈ ਵੀ ਯੋਜਨਾ ਹੋਵੇ ਜਾਂ ਕਿਸੇ ਬੀਮਾਰੀ ਦੇ ਖਿਲਾਫ ਮੋਰਚੇਬੰਦੀ। ਬਲਾਕ ਪੱਧਰ ਤੇ ਬਣਨ ਵਾਲੀ ਰਣਨੀਤੀ ਵਿੱਚ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਬਲਾਕ ਐਕਸਟੈਂਸ਼ਨ ਐਜੂਕੇਟਰ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜਲੰਧਰ ਦੇ ਮਾਸ ਮੀਡਿਆ ਵਿੰਗ ਵਿੱਚ ਨੌ ਬੀਈਈ ਹਨ, ਜਿਨ੍ਹਾਂ ਦੀ ਤੈਨਾਤੀ ਬਲਾਕ ਪੱਧਰ ਤੇ ਹੈ। ਪੱਤਰਕਾਰੀ ਦੇ ਖੇਤਰ ਤੋਂ ਸਿਹਤ ਵਿਭਾਗ ਵਿੱਚ ਆਏ ਬੀਈਈ ਕੋਰੋਨਾ ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਰਣਨੀਤੀ ਬਣਾਉਣ ਤੋਂ ਲੈ ਕੇ ਪਾਜੀਟਿਵ ਮਰੀਜ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਕਾਰਵਾਈ ਦੀ ਅਗਵਾਈ ਕਰਨ ਤੱਕ, ਬੀਈਈ ਹਰ ਮੋਰਚੇ ਤੇ ਅੱਗੇ ਹੋ ਕੋਰੋਨਾ ਸੰਕਟ ਤੋਂ ਦੇਸ਼ ਨੂੰ ਉਬਾਰਨ ਵਿੱਚ ਜੁਟੇ ਹੋਏ ਹਨ। ਸਿਰਫ ਇੰਨਾ ਹੀ ਨਹੀਂ, ਅਖਬਾਰਾਂ ਅਤੇ ਹੋਰ ਸੰਚਾਰ ਮਾਧਮਾਂ ਰਾਹੀਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣਾ , ਦੂਜੇ ਵਿਭਾਗਾਂ ਦੇ ਨਾਲ ਤਾਲਮੇਲ ਕਰਨਾ, ਜਿਲਾ ਅਧਿਕਾਰੀਆਂ ਤੱਕ ਸੂਚਨਾਵਾਂ ਪਹੁੰਚਾਉਣਾ ਅਤੇ ਵਿਭਾਗੀ ਆਦੇਸ਼ ਲਾਗੂ ਕਰਵਾਉਣ ਵਿੱਚ ਵੀ ਬੀਈਈ ਦੀ ਮੁੱਖ ਭੂਮਿਕਾ ਹੈ। ਇਸੇ ਤਰ੍ਹਾਂ ਸਿਵਿਲ ਸਰਜਨ ਦਫਤਰ, ਜਲੰਧਰ ਵਿਖੇ ਤੈਨਾਤ ਡਿਪਟੀ ਜਿਲਾ ਸਮੂਹ ਸਿਹਤ ਸਿੱਖਿਆ ਅਤੇ ਸੂਚਨਾ ਅਫਸਰ ਨੀਲਮ ਕੁਮਾਰੀ ਅਤੇ ਆਰਟਿਸਟ ਜਗਤਜੀਤ ਸਿੰਘ ਵੀ ਵਿਭਾਗੀ ਨਿਰਦੇਸ਼ਾਂ ਅਨੁਸਾਰ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ।

ਇਕਾਂਤਵਾਸ ਵਿੱਚ ਰਹਿੰਦੇ ਹੋਏ ਵੀ ਜਾਰੀ ਰੱਖਿਆ ਕੰਮ

ਜਿਲੇ ਵਿੱਚ ਇੱਕਦਮ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ, ਤਾਂ ਸੀਐਚਸੀ ਕਾਲਾ ਬਕਰਾ ਵਿਖੇ ਤੈਨਾਤ ਬੀਈਈ ਨੀਤੀਰਾਜ ਬੀ. ਸਿੰਘ ਦੇ ਮਾਤਾ ਜੀ ਅਤੇ ਭਾਬੀ ਵੀ ਕੋਰੋਨਾ ਪਾਜੀਟਿਵ ਹੋ ਗਏ। ਦੋਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ, ਤਾਂ ਨੀਤੀਰਾਜ ਨੂੰ ਪਰਿਵਾਰ ਸਮੇਤ ਘਰੇ ਹੀ ਇਕਾਂਤਵਾਸ ਕੀਤਾ ਗਿਆ। ਲੇਕਿਨ ਇਸ ਦਰਮਿਆਨ ਵੀ ਉਨ੍ਹਾਂ ਨੇ ਕੰਮ ਕਰਨਾ ਬੰਦ ਨਹੀਂ ਕੀਤਾ। ਫੀਲਡ ਸਟਾਫ ਨੂੰ ਨਿਰਦੇਸ਼ ਦੇਣੇ, ਸਰਵੇ ਤੇ ਜਾਗਰੂਕਤਾ ਅਭਿਆਨ ਦੀ ਰਣਨੀਤੀ ਬਣਾਉਣਾ, ਸਾਰੇ ਕੰਮ ਘਰੋਂ ਹੀ ਜਾਰੀ ਰਹੇ।

ਬੇਟੇ ਨੂੰ ਨਾਨਕੇ ਭੇਜਕੇ ਦਿਨ-ਰਾਤ ਜੁਟੇ ਹਨ ਕੰਮ ਵਿੱਚ

ਸੀਐਚਸੀ ਕਰਤਾਰਪੁਰ ਵਿਖੇ ਤੈਨਾਤ ਬੀਈਈ ਸ਼ਰਨਦੀਪ ਸਿੰਘ ਅਤੇ ਪੀਐਚਸੀ ਜੰਡਿਆਲਾ ਵਿਖੇ ਤੈਨਾਤ ਹਰਵਿੰਦਰ ਕੌਰ ਪਤੀ-ਪਤਨੀ ਹਨ। ਕੋਰੋਨਾ ਦਰਮਿਆਨ ਜਦੋਂ ਹਲਾਤ ਵਿਗੜਨੇ ਸ਼ੁਰੂ ਹੋਏ, ਤਾਂ ਦੋਹਾਂ ਨੇ ਆਪਣੇ ਇਕਲੌਤੇ ਬੇਟੇ ਨੂੰ ਨਾਨਕੇ ਘਰ ਭੇਜ ਦਿੱਤਾ। ਸਵੇਰੇ ਤੋਂ ਸ਼ਾਮ ਤੱਕ ਦੋਵੇਂ ਫੀਲਡ ਵਿੱਚ ਕੰਮ ‘ਚ ਡਟੇ ਰਹਿੰਦੇ ਹਨ। ਰਾਤ ਨੂੰ ਘਰ ਮੁੜਨ ਤੇ ਇੱਕ ਵਾਰ ਬੇਟੇ ਨਾਲ ਵੀਡਿਓ ਕਾਲ ਤੇ ਗੱਲ ਹੋ ਜਾਂਦੀ ਹੈ। ਦੋਵੇਂ ਦੱਸਦੇ ਹਨ- ਬੇਟਾ ਵਾਰ-ਵਾਰ ਮਿਲਣ ਆਉਣ ਦੀ ਜਿਦ ਕਰਦਾ ਹੈ। ਲੇਕਿਨ ਅਜਿਹੇ ਹਲਾਤਾਂ ਵਿੱਚ ਬਲਾਕ ਛੱਡ ਕੇ ਜਾਣਾ ਮੁਮਕਿਨ ਨਹੀਂ।

ਵੱਖ-ਵੱਖ ਜਿਲਿਆਂ ਵਿੱਚ ਸੰਭਾਲ ਰੱਖਿਆ ਹੈ ਮੋਰਚਾ

ਪੀਐਚਸੀ ਮਹਿਤਪੁਰ ਵਿਖੇ ਤੈਨਾਤ ਬੀਈਈ ਸੰਦੀਪ ਵਾਲਿਆ ਤੇ ਜਿਲੇ ਦੇ ਸਭ ਤੋਂ ਵੱਡੇ ਬਲਾਕ ਦੀ ਜਿੰਮੇਵਾਰੀ ਹੈ। ਉਹ ਆਪਣੇ ਖੇਤਰ ਦੇ ਪਿੰਡਾਂ ਵਿੱਚ ਕੋਰੋਨਾ ਰੋਕਣ ਵਿੱਚ ਜੁਟੇ ਹੋਏ ਹਨ, ਤਾਂ ਉਨ੍ਹਾਂ ਦੀ ਪਤਨੀ ਡਾ. ਸੋਨੀਆ, ਸਿਵਲ ਸਰਜਨ ਦਫਤਰ, ਕਪੂਰਥਲਾ ਵਿਖੇ ਤੈਨਾਤ ਹਨ ਅਤੇ ਕੋਰੋਨਾ ਖਿਲਾਫ ਜਿਲਾ ਪੱਧਰੀ ਯੋਜਨਾਬੰਦੀ ਵਿੱਚ ਆਪਣਾ ਸੌ ਫੀਸਦੀ ਯੋਗਦਾਨ ਪਾ ਰਹੀ ਹਨ।

ਜੋਸ਼ ਦੇ ਨਾਲ-ਨਾਲ ਤਜ਼ਰਬੇ ਦਾ ਮੇਲ

ਮਾਸ ਮੀਡਿਆ ਵਿੰਗ ‘ਚ ਕੰਮ ਕਰ ਰਹੇ ਬੀਈਈ ਨਾ ਸਿਰਫ ਉਚੇਰੀ ਸਿੱਖਿਆ ਪ੍ਰਾਪਤ ਹਨ, ਸਗੋਂ ਤਜ਼ਰਬੇਕਾਰ ਵੀ ਹਨ। ਪੀਐਚਸੀ ਜਮਸ਼ੇਰ ਖਾਸ ਵਿਖੇ ਤੈਨਾਤ ਜਗਦੀਪ ਕੌਰ ਬੀਈਈ ਦੀ ਨਿਯੁਕਤੀ ਤੋਂ ਪਹਿਲਾਂ ਲਗਭਗ ਵੀਹ ਸਾਲ ਸਿਹਤ ਵਿਭਾਗ ਵਿੱਚ ਕੰਮ ਕਰ ਚੁੱਕੀ ਹਨ ਅਤੇ ਉਨ੍ਹਾਂ ਦਾ ਫੀਲਡ ਅਨੁਭਵ ਚੁਨੌਤੀਆਂ ਨੂੰ ਸਮਝਨ ਤੇ ਰਣਨੀਤੀ ਬਣਾਉਣ ਵਿੱਚ ਕਾਰਗਰ ਸਾਬਤ ਹੁੰਦਾ ਹੈ। ਤਾਂ ਦੂਜੇ ਪਾਸੇ ਪੱਤਰਕਾਰੀ ਦੀ ਪੜ੍ਹਾਈ ਕਰਕੇ ਸਿੱਧੇ ਵਿਭਾਗ ਵਿੱਚ ਨਿਯੁਕਤ ਹੋਈ ਪੀਐਚਸੀ ਬਿਲਗਾ ਦੀ ਬੀਈਈ ਕੇਤਨ ਪ੍ਰਕਾਸ਼ ਯੁਵਾ ਜੋਸ਼ ਨਾਲ ਭਰੀ ਹੋਈ ਅਤੇ ਨਿਊ ਮੀਡਿਆ ਦੇ ਪ੍ਰਭਾਵੀ ਇਸਤੇਮਾਲ ਦੀ ਸਮਝ ਰੱਖਦੀ ਹਨ।

ਕੰਮ ਆ ਰਿਹਾ ਪੱਤਰਕਾਰੀ ਦਾ ਤਜ਼ਰਬਾ

ਸੀਐਚਸੀ ਆਦਮਪੁਰ ਵਿਖੇ ਤੈਨਾਤ ਅਸੀਮ ਸ਼ਰਮਾ ਇਸ ਤੋਂ ਪਹਿਲਾਂ ਪੰਜਾਬੀ ਅਖਬਾਰ ‘ਚ ਅਤੇ ਦੂਰਦਰਸ਼ਨ ਦੇ ਲਈ ਪ੍ਰੋਗਰਾਮ ਵੀ ਕਰ ਚੁੱਕੀ ਹਨ। ਉਨ੍ਹਾਂ ਦਾ ਇਹ ਤਜ਼ਰਬਾ ਵਿਭਾਗ ਵਿੱਚ ਉਨ੍ਹਾਂ ਦੇ ਕੰਮ ਨੂੰ ਹੋਰ ਸੁਖਾਲਾ ਅਤੇ ਪ੍ਰਭਾਵੀ ਬਣਾਉਂਦਾ ਹੈ। ਸੀਐਚਸੀ ਸ਼ਾਹਕੋਟ ਦੇ ਬੀਈਈ ਅਤੇ ਹਿੰਦੀ ਪੱਤਰਕਾਰੀ ਤੋਂ ਵਿਭਾਗ ਵਿੱਚ ਆਏ ਚੰਦਨ ਮਿਸ਼ਰਾ ਦੱਸਦੇ ਹਨ- ਵਿਭਾਗ ਵਿੱਚ ਇਨ੍ਹਾਂ ਦਿਨੀਂ ਬੀਈਈ ਦਾ ਕੰਮ ਯੋਜਨਾਵਾਂ ਦਾ ਪ੍ਰਚਾਰ ਕਰਨਾ ਹੀ ਨਹੀਂ ਹੈ। ਪ੍ਰਚਾਰ ਦੀ ਯੋਜਨਾਬੰਦੀ ਤੋਂ ਲੈ ਕੇ ਲੋਕਾਂ ਦਾ ਵਿਵਹਾਰ ਬਦਲਣ ਤੱਕ ਦੀਆ ਗਤੀਵਿਧੀਆਂ, ਬੀਮਾਰੀ ਤੋਂ ਲੜਨ ਲਈ ਜਮੀਨੀ ਪੱਧਰ ਤੇ ਮੋਰਚਾਬੰਦੀ ਕਰਨਾ, ਫੀਲਡ ਸਟਾਫ ਦੇ ਨਾਲ ਅਤੇ ਦੂਜੇ ਵਿਭਾਗਾਂ ਦੇ ਨਾਲ ਤਾਲਮੇਲ ਰੱਖਣਾ ਵੀ ਅਹਿਮ ਕੰਮ ਹਨ। ਸੀਐਚਸੀ ਬੜਾਪਿੰਡ, ਜਿੱਥੇ ਜਿਲੇ ਦਾ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਸੀ, ਵਿਖੇ ਤੈਨਾਤ ਪ੍ਰੀਤ ਇੰਦਰ ਸਿੰਘ ਵੀ ਐਸਐਮਓ ਦੇ ਨਾਲ ਮਿਲ ਕੇ ਰਣਨੀਤੀ ਬਣਾਉਣ ਅਤੇ ਉਸਨੂੰ ਲਾਗੂ ਕਰਨ ਵਿੱਚ ਜੁਟੇ ਹੋਏ ਹਨ।