ਸ੍ਰੀ ਮੁਕਤਸਰ ਸਾਹਿਬ | ਪਿੰਡ ਰੁਖਾਲਾ ਵਿਖੇ ‘ਕੌਣ ਬਣੇਗਾ ਕਰੋੜਪਤੀ’ ਦੇ ਨਾਂ ‘ਤੇ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੋਟਭਾਈ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਲਾਲਚ ‘ਚ ਵਿਅਕਤੀ ਕਈ ਵਾਰ ਉਹ ਪੁੰਜੀ ਵੀ ਗਵਾ ਬੈਠਦਾ ਹੈ ਜੋ ਉਸ ਦੇ ਕੋਲ ਹੁੰਦੀ ਹੈ। ਅਜਿਹੀ ਹੀ ਘਟਨਾ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਰੁਖਾਲਾ ‘ਚ ਸਾਹਮਣੇ ਆਈ ਹੈ ਜਿਥੇ “ਕੌਣ ਬਣੇਗਾ ਕਰੋੜਪਤੀ” ਦੇ ਨਾਂ ਹੇਠ ਇਕ ਵਿਅਕਤੀ ਨੂੰ ਹੀ ਡੇਢ ਕਰੋੜ ਰੁਪਏ ਦਾ ਠੱਗਾਂ ਨੇ ਚੂਨਾ ਲਾ ਦਿੱਤਾ ਹੈ

ਪੁਲਿਸ ਨੂੰ ਦਿੱਤੀ ਸਿਕਾਇਤ ‘ਚ ਪਿੰਡ ਰੁਖਾਲਾ ਵਾਸੀ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਇੰਦਰਜੀਤ ਸਿੰਘ ਦੇ 2 ਐਚ ਡੀ ਐਫ ਸੀ ਬੈਂਕ ਅਤੇ ਇਕ ਖਾਤਾ ਐਸ ਬੀ ਆਈ ‘ਚ ਹੈ। ਉਸ ਦੇ ਪਿਤਾ ਨੂੰ ਇਕ ਅਣਜਾਣ ਨੰਬਰ ਤੋਂ ਕਾਲ ਆਈ ਕਿ ਉਨ੍ਹਾਂ ਦੀ ਕੌਣ ਬਣੇਗਾ ਕਰੋੜਪਤੀ ‘ਚ ਲਾਟਰੀ ਨਿਕਲੀ ਹੈ ਅਤੇ ਉਨ੍ਹਾਂ ਨੂੰ 20 ਹਜਾਰ ਰੁਪਏ ਗੂਗਲ ਪੇਅ ਕਰਨ ਲਈ ਕਿਹਾ ।

ਉਨ੍ਹਾਂ ਨੇ 20 ਹਜ਼ਾਰ ਗੂਗਲ ਪੇਅ ਕਰ ਦਿੱਤਾ, ਅਜਿਹਾ ਦੋ ਵਾਰ ਹੋਇਆ ਪਰ ਇਸ ਉਪਰੰਤ ਉਨ੍ਹਾਂ ਦੇ ਖਾਤੇ ‘ਚੋਂ ਕੁਝ ਮਹੀਨਿਆਂ ਵਿਚ ਹੀ ਇਕ ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲਏ ਗਏ। ਕੁਝ ਦਿਨਾਂ ਬਾਅਦ ਫਿਰ ਇਕ ਹੋਰ ਨੰਬਰ ਤੋੰ ਵਟਸਐਪ ਕਾਲ ਕਰ ਕੇ ਸਾਰੇ ਟੈਕਸ ਦੇ ਨਾਂ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਂ ‘ਤੇ 32 ਲੱਖ ਰੁਪਏ ਦੀ ਆਰ ਟੀ ਜੀ ਐਸ ਕਰਵਾ ਲਈ, ਇਸ ਤਰ੍ਹਾਂ ਉਨ੍ਹਾਂ ਨਾਲ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਵੱਜੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।