ਬਠਿੰਡਾ, 22 ਨਵੰਬਰ | ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਦੇ ਕਿਸਾਨ ਗੁਰਦੀਪ ਸਿੰਘ ਨੇ ਆਪਣੇ ਘਰ ਵਿਚ ਜਾਨ ਦੇ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕਹਿਣਾ ਹੈ ਕਿ ਕਿਸਾਨ ਨੇ ਪਰਾਲੀ ਸਾੜਨ ‘ਤੇ ਕਾਰਵਾਈ ਦੇ ਡਰੋਂ ਜਾਨ ਦਿੱਤੀ ਹੈ।

ਕਿਸਾਨ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਮ੍ਰਿਤਕ ਦੀ ਪਤਨੀ ਨੂੰ ਪੈਨਸ਼ਨ ਸਮੇਤ ਹੋਰ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਹੈ। ਕਿਸਾਨ ਗੁਰਦੀਪ ਸਿੰਘ ਕੋਲ ਕਰੀਬ ਛੇ ਕਨਾਲ ਜ਼ਮੀਨ ਸੀ। ਸੋਮਵਾਰ ਸ਼ਾਮ ਜਦੋਂ ਉਹ ਪਰਾਲੀ ਸਾੜ ਰਿਹਾ ਸੀ ਤਾਂ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਾਰਵਾਈ ਤੋਂ ਡਰਦਿਆਂ ਉਸ ਨੇ ਘਰ ਆ ਕੇ ਜਾਨ ਦੇ ਦਿੱਤੀ।

ਦੱਸ ਦਈਏ ਕਿ ਪੰਜਾਬ ਵਿਚ ਮੰਗਲਵਾਰ ਨੂੰ ਪਰਾਲੀ ਸਾੜਨ ਦੇ 513 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਫਾਜ਼ਿਲਕਾ ਵਿਚ ਸਭ ਤੋਂ ਵੱਧ ਪਰਾਲੀ ਸਾੜੀ ਗਈ। ਇਥੇ 105 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚੋਂ ਅੰਮ੍ਰਿਤਸਰ ਦੀ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 174, ਬਠਿੰਡਾ 400, ਜਲੰਧਰ 245, ਖੰਨਾ 199, ਮੰਡੀ ਗੋਬਿੰਦਗੜ੍ਹ 260 ਅਤੇ ਪਟਿਆਲਾ 189 ਦਰਜ ਕੀਤਾ ਗਿਆ।