ਬਠਿੰਡਾ, 22 ਅਕਤੂਬਰ | ਪਿੰਡ ਘੁੰਮਣ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਵੱਲੋਂ ਪਿੰਡ ਮਹਿਰਾਜ ਦੇ ਰਹਿਣ ਵਾਲੇ ਦਲਜਿੰਦਰ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਸਿਟੀ ਥਾਣਾ ਰਾਮਪੁਰਾ ਵਿਚ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਨਾਮਜ਼ਦ ਦੋਸ਼ੀਆਂ ਵਿਚੋਂ ਕਮੇਟੀ ਪ੍ਰਧਾਨ ਨਰਦੇਵ ਸਿੰਘ ਉਰਫ਼ ਗੱਗੀ ਅਤੇ ਗੁਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਦੋਂਕਿ ਬਾਕੀ ਮੁਲਜ਼ਮਾਂ ਵਿਚ ਹੈਪੀ ਸਿੰਘ, ਕੁਲਵੀਰ ਸਿੰਘ, ਅਰਸ਼ਦੀਪ ਸਿੰਘ, ਕਰਨਵੀਰ ਸਿੰਘ, ਚਿੰਕੂ, ਕਿਸ਼ੋਰੀ, ਬਲਵੀਰ ਸਿੰਘ ਮਿਸਤਰੀ, ਪ੍ਰੀਤ ਸਿੰਘ, ਬੱਗੜ ਭੱਜੀ, ਜੈਲਾ ਸਿੰਘ ਖੰਡੂਆ ਵਾਸੀ ਪਿੰਡ ਘੁਮਾਣ ਕਲਾਂ ਅਤੇ ਗਿਆਨੀ ਸਤਨਾਮ ਸਿੰਘ ਵਾਸੀ ਪਿੰਡ ਬੱਲੋ, ਜਗਮੀਤ ਸਿੰਘ ਵਾਸੀ ਪਿੰਡ ਘਰਾਂਗਣਾ ਜ਼ਿਲਾ ਮਾਨਸਾ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਐਤਵਾਰ ਨੂੰ ਪੁਲਿਸ ਨੇ 2 ਮੁੱਖ ਮੁਲਜ਼ਮਾਂ ਨਰਦੇਵ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਨੇ ਕਾਬੂ ਕੀਤੇ ਦੋਸ਼ੀਆਂ ਕੋਲੋਂ ਸਕਾਰਪੀਓ ਗੱਡੀ ਬਰਾਮਦ ਕਰ ਲਈ ਹੈ। ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਗੱਡੀ ਦੀ ਵਰਤੋਂ ਕੀਤੀ ਸੀ। ਵਾਰਦਾਤ ਵਿਚ ਵਰਤੀ ਗਈ ਜੀਪ ਅਤੇ ਦੋ-ਪਹੀਆ ਵਾਹਨ ਅਜੇ ਬਰਾਮਦ ਕੀਤੇ ਜਾਣੇ ਬਾਕੀ ਹਨ।
ਗੱਲਬਾਤ ਕਰਦਿਆਂ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪਿੰਡ ਮਹਿਰਾਜ ਦਾ ਰਹਿਣ ਵਾਲਾ ਦਲਜਿੰਦਰ ਸਿੰਘ (22) ਨਸ਼ਾ ਤਸਕਰੀ ਦੇ ਕੇਸਾਂ ਵਿਚ ਨਾਮਜ਼ਦ ਸੀ। ਪਿੰਡ ਘੁੰਮਣ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਚੇਅਰਮੈਨ ਨਰਦੇਵ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਕਮੇਟੀ ਮੈਂਬਰਾਂ ਨੂੰ ਸ਼ੱਕ ਸੀ ਕਿ ਦਲਜਿੰਦਰ ਸਿੰਘ ਹੀ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਸਪਲਾਈ ਕਰਦਾ ਸੀ।
ਇਨ੍ਹਾਂ ਦੋਵਾਂ ਨੇ ਕਮੇਟੀ ਮੈਂਬਰਾਂ ਨਾਲ ਮਿਲ ਕੇ ਦਲਜਿੰਦਰ ਸਿੰਘ ਨੂੰ 10 ਅਕਤੂਬਰ ਨੂੰ ਗਿਆਨੀ ਸਤਨਾਮ ਸਿੰਘ ਦੀ ਸਕਾਰਪੀਓ ਵਿਚ ਰਾਮਪੁਰਾ ਸ਼ਹਿਰ ਤੋਂ ਅਗਵਾ ਕਰ ਲਿਆ ਸੀ। ਦੋਸ਼ੀ ਦਲਜਿੰਦਰ ਨੂੰ ਪਿੰਡ ਘੁੰਮਣ ਕਲਾਂ ਦੇ ਇਕ ਖੇਤ ਵਿਚ ਲੈ ਗਿਆ। ਜਿੱਥੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਲੜਾਈ ਦੌਰਾਨ ਦਲਜਿੰਦਰ ਦੀ ਮੌਤ ਹੋ ਗਈ। ਵਾਰਦਾਤ ਨੂੰ ਲੁਕਾਉਣ ਲਈ ਦੋਸ਼ੀਆਂ ਨੇ ਲਾਸ਼ ਅਤੇ ਬਾਈਕ ਨੂੰ ਰਾਮਪੁਰਾ ਵਿਚ ਹੀ ਗੰਦੇ ਨਾਲੇ ਵਿਚ ਸੁੱਟ ਦਿੱਤਾ।
15 ਅਕਤੂਬਰ ਨੂੰ ਮ੍ਰਿਤਕ ਦਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਰਾਮਪੁਰਾ ਵਿਖੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਬੀਤੇ ਕੱਲ੍ਹ ਮ੍ਰਿਤਕ ਦਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਨੂੰ ਪਿੰਡ ਘੁੰਮਣ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ’ਤੇ ਸ਼ੱਕ ਸੀ। ਇਨ੍ਹਾਂ ਨੇ ਦਲਜਿੰਦਰ ਸਿੰਘ ਨੂੰ ਅਗਵਾ ਕਰਕੇ ਕਿਸੇ ਅਣਪਛਾਤੀ ਥਾਂ ‘ਤੇ ਲੁਕਾ ਕੇ ਰੱਖਿਆ ਹੈ।
ਬਿਆਨਾਂ ਤੋਂ ਬਾਅਦ ਜਦੋਂ ਸੀ.ਆਈ.ਏ.-2 ਦੇ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਘੁੰਮਣ ਕਲਾਂ ਦੇ ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਨਰਦੇਵ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਦੋਵਾਂ ਦੋਸ਼ੀਆਂ ਨੇ ਸਾਰੀ ਸੱਚਾਈ ਸਾਹਮਣੇ ਲਿਆਂਦੀ ਤੇ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਸੀ.ਆਈ.ਏ ਪੁਲਿਸ ਨੇ ਦੋਵਾਂ ਦੋਸ਼ੀਆਂ ਦੇ ਦੱਸਣ ‘ਤੇ ਗੰਦੇ ਨਾਲੇ ‘ਚੋਂ ਮ੍ਰਿਤਕ ਦੀ ਲਾਸ਼ ਬਰਾਮਦ ਕੀਤੀ।
ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ 2 ਦੋਸ਼ੀਆਂ ਦੇ ਬਾਕੀ 12 ਸਾਥੀਆਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਕਾਬੂ ਕੀਤੇ ਦੋਸ਼ੀਆਂ ਕੋਲੋਂ ਵਾਰਦਾਤ ਵਿਚ ਵਰਤੀ ਸਕਾਰਪੀਓ ਗੱਡੀ ਬਰਾਮਦ ਕਰ ਲਈ ਹੈ, ਜਦੋਂਕਿ ਉਕਤ ਵਾਰਦਾਤ ਵਿਚ ਵਰਤੀ ਗਈ ਜੀਪ ਅਤੇ ਦੋਪਹੀਆ ਵਾਹਨ ਅਜੇ ਬਰਾਮਦ ਕੀਤੇ ਜਾਣੇ ਬਾਕੀ ਹਨ। ਐਸਐਸਪੀ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਯਤਨ ਕਰ ਰਹੀ ਹੈ।