ਬਠਿੰਡਾ । ਨਸ਼ੇ ਨੇ ਤਲਵੰਡੀ ਸਾਬੋ ਵਾਸੀ ਰਾਸ਼ਟਰੀ ਪੱਧਰ ਦੇ ਗੋਲਡ ਮੈਡਲਿਸਟ ਬਾਕਸਰ ਨੂੰ ਪੰਜਾਬ ਤੋਂ ਹਮੇਸ਼ਾ ਲਈ ਖੋਹ ਲਿਆ। ਲੰਘੇ ਦਿਨ ਸ਼ਾਮ ਨੂੰ ਬਾਕਸਰ ਕੁਲਦੀਪ ਸਿੰਘ ਦੀ ਲਾਸ਼ ਖੇਤਾਂ ਵਿਚੋਂ ਬਰਾਮਦ ਹੋਈ। ਉਸਦੀ ਲਾਸ਼ ਕੋਲੋਂ ਚਿੱਟੇ ਦਾ ਟੀਕਾ ਵੀ ਬਰਾਮਦ ਹੋਇਆ ਹੈ।

ਬਾਕਸਰ ਕੁਲਦੀਪ ਸਿੰਘ ਨੂੰ ਸਨਮਾਨਿਤ ਕਰਨ ਵਾਲੇ ਤਲਵੰਡੀ ਵਾਸੀ ਜਸਪਾਲ ਸਿੰਘ ਨੇ ਦੱਸਿਆ ਕਿ ਕੁਲਦੀਪ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਉਸਨੇ ਰਾਸ਼ਟਰੀ ਪੱਧਰ ਉਤੇ ਪੰਜ ਵਾਰ ਸਿਲਵਰ ਮੈਡਲ ਤੇ ਦੋ ਵਾਰ ਗੋਲਡ ਮੈਡਲ ਜਿੱਤਿਆ ਸੀ। ਜਸਪਾਲ ਸਿੰਘ ਨੇ ਦੱਸਿਆ ਕਿ ਚਿੱਟੇ ਦੇ ਨਸ਼ੇ ਨੇ ਹਮੇਸ਼ਾ ਲਈ ਪੰਜਾਬ ਤੋਂ ਇਕ ਜਾਂਬਾਜ ਬਾਕਸਰ ਖੋਹ ਲਿਆ। ਖਿਲਾੜੀ ਦੀ ਮੌਤ ਦੇ ਬਾਅਦ ਪੂਰੇ ਤਲਵੰਡੀ ਸਾਬੋ ਵਿਚ ਸ਼ੋਕ ਦੀ ਲਹਿਰ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਣੇ ਤਲਵੰਡੀ ਸਾਬੋ ਦੇ ਕਈ ਲੋਕ ਕਈ ਵਾਰ ਜਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਨੂੰ ਦੱਸ ਚੁੱਕੇ ਹਨ ਕਿ ਤਲਵੰਡੀ ਵਿਚ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਜੇਕਰ ਸਮਾਂ ਰਹਿੰਦਿਆਂ ਪੁਲਿਸ ਪ੍ਰਸ਼ਾਸਨ ਨੇ ਚਿੱਟਾ ਸਮੱਗਲਰਾਂ ਨੂੰ ਫੜ ਕੇ ਜੇਲ੍ਹ ਭੇਜਿਆ ਹੁੰਦਾ ਤਾਂ ਸ਼ਾਇਦ ਕੁਲਦੀਪ ਅੱਜ ਸਾਡੇ ਵਿਚਕਾਰ ਹੁੰਦਾ।