ਬਟਾਲਾ/ਕਾਦੀਆਂ, 29 ਅਕਤੂਬਰ | ਪਿੰਡ ਕਾਹਲਵਾਂ ‘ਚ ਇਕ ਟਰੈਕਟਰ ਚਾਲਕ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਬੇਕਾਬੂ ਹੋ ਕੇ 1 ਘਰ ਦਾ ਗੇਟ ਤੋੜ ਕੇ ਅੰਦਰ ਵੜ ਗਿਆ। ਹਾਦਸੇ ‘ਚ ਘਰ ਅੰਦਰ ਖੇਡ ਰਹੇ 3 ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਬੇਕਾਬੂ ਹੋਏ ਟਰੈਕਟਰ ਦੀ ਲਪੇਟ ‘ਚ ਆਉਣ ਨਾਲ 2 ਮੋਟਰਸਾਈਕਲ ਵੀ ਨੁਕਸਾਨੇ ਗਏ।

ਪਿੰਡ ਕਾਹਲਵਾਂ ਦੇ ਸਰਪੰਚ ਸੁਲੱਖਣ ਮਸੀਹ ਨੇ ਦੱਸਿਆ ਕਿ ਟਰੈਕਟਰ ਚਾਲਕ ਅੰਮ੍ਰਿਤ ਪਾਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਕਾਹਲਵਾਂ ਜਦੋਂ ਪਿੰਡ ਦਾ ਮੋੜ ਮੁੜਨ ਲੱਗਾ ਤਾਂ ਅਚਾਨਕ ਉਸਦਾ ਟਰੈਕਟਰ ਬੇਕਾਬੂ ਹੋ ਗਿਆ ਤੇ ਇਕ ਘਰ ਅੰਦਰ ਜਾ ਵੜਿਆ। ਬੇਕਾਬੂ ਟਰੈਕਟਰ ਨੇ 3 ਬੱਚਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਤੇ ਤਿੰਨੋਂ ਬੱਚੇ ਜ਼ਖ਼ਮੀ ਹੋ ਗਏ।

ਇਸ ਹਾਦਸੇ ‘ਚ 2 ਮੋਟਰਸਾਈਕਲ ਵੀ ਨੁਕਸਾਨੇ ਗਏ। ਹਾਦਸੇ ‘ਚ ਲਕਸ਼ ਪੁੱਤਰ ਸੁਖਬੀਰ ਮਸੀਹ, ਅਭੀ ਪੁੱਤਰ ਜੋਨਸਨ ਮਸੀਹ ਅਤੇ ਉਨ੍ਹਾਂ ਦੇ ਨਾਲ ਇਕ ਹੋਰ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਬਟਾਲਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਮੌਕੇ ‘ਤੇ ਪਹੁੰਚੇ ਪੁਲਿਸ ਥਾਣਾ ਕਾਦੀਆਂ ਦੇ ਏਐਸਆਈ ਬਲਵਿੰਦਰ ਸਿੰਘ ਅਤੇ ਏਐਸਆਈ ਦਰਸ਼ਨ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਟਰੈਕਟਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਗਿਆ।

ਉਧਰ, ਦੂਜੇ ਪਾਸੇ ਹਾਦਸੇ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਗਿਆ। ਪਿੰਡ ਦੇ ਸਰਪੰਚ ਸੁਲੱਖਣ ਮਸੀਹ ਦੇ ਦੱਸਣ ਮੁਤਾਬਕ ਇਕ ਬੱਚੇ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਕਾਦੀਆਂ ਪੁਲਿਸ ਦੀ ਟੀਮ ਵੱਲੋਂ ਘਟਨਾ ਸਥਾਨ ‘ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ। ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।