ਚੰਡੀਗੜ੍ਹ | ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ 2 ਦਿਨਾ ਪੰਜਾਬ ਦੌਰੇ ‘ਤੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਸੀ-ਵੋਟਰ ਦੇ ਤਾਜ਼ਾ ਸਰਵੇਖਣ ‘ਚ ਆਮ ਆਦਮੀ ਪਾਰਟੀ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਵਿੱਚ ਸਰਗਰਮੀ ਵਧਾ ਦਿੱਤੀ ਹੈ।

ਪਾਰਟੀ ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਮੰਗਲਵਾਰ ਨੂੰ ਪੰਜਾਬ ਦੇ 2 ਰੋਜ਼ਾ ਦੌਰੇ ’ਤੇ ਆ ਰਹੇ ਹਨ। ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਦੱਸਿਆ ਕਿ ਕੇਜਰੀਵਾਲ ਦੁਪਹਿਰ ਕਰੀਬ 3 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਣਗੇ ਤੇ ਸ਼ਾਮ ਕਰੀਬ 6 ਵਜੇ ਜਲੰਧਰ ਦੇ ਦੇਵੀ ਤਾਲਾਬ ਮੰਦਰ ਜਾਣਗੇ।

ਇਸ ਦੌਰਾਨ ਕੇਜਰੀਵਾਲ ਜਲੰਧਰ ਦੇ ਵਪਾਰੀਆਂ ਤੇ ਪਾਰਟੀ ਦੇ ਸਿਆਸੀ ਆਗੂਆਂ ਨਾਲ ਮੀਟਿੰਗ ਕਰਨਗੇ, ਜਿਸ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾ ਸਕੇ।

ਇਹ ਵੀ ਪਤਾ ਲੱਗਾ ਹੈ ਕਿ ਕੇਜਰੀਵਾਲ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਜਾ ਕੇ ਉਨ੍ਹਾਂ ਦੇ ਗ੍ਰਹਿ ਨਿਵਾਸ ਸਥਾਨ ’ਤੇ ਜਾ ਕੇ ਦੁੱਖ ਵੀ ਵੰਡਾਉਣਗੇ।