-ਪ੍ਰਿਅੰਕਾ ਜਰਿਆਲ

ਪਿਤਾ, ਇੱਕ ਬੱਚੇ ਦੇ ਜੀਵਨ ਦੀ ਸਭ ਤੋਂ ਵੱਡੀ ਅਸੀਸ ਹੁੰਦੀ ਹੈ। ਮਾਂ ਬੱਚੇ ਨੂੰ 9 ਮਹੀਨੇ ਕੁੱਖ ਵਿੱਚ ਰੱਖਦੀ ਹੈ ਤਾਂ ਪਿਤਾ ਸਾਰੀ ਉਮਰ ਉਸ ਬੱਚੇ ਨੂੰ ਆਪਣੇ ਦਿਮਾਗ ਵਿੱਚ ਰੱਖਦਾ ਹੈ।

ਮੇਰੇ ਪਾਪਾ ਨੇ ਕਦੇ ਵੀ ਮੇਰੀ ਦਾਦੀ ਨੂੰ ਨਹੀਂ ਦੇਖਿਆ, ਪਰ ਉਹ ਹਮੇਸ਼ਾ ਦੱਸਦੇ ਹਨ ਕਿ ਦਾਦੀ ਮਾਂ ਬੁਹਤ ਕਾਮੀ ਤੇ ਘਰ ਕਮਾਉ ਔਰਤ ਸੀ। ਦਾਦੀ ਮਾਂ ਦੀਆਂ ਹੱਥੀਂ ਕੱਢੀਆਂ ਚਾਦਰਾਂ ਤੇ ਤਸਵੀਰਾਂ ਪਾਪਾ ਨੇ ਸੰਭਾਲ ਕੇ ਰੱਖੀਆਂ ਹਨ। ਉਹ ਕਮੀ ਤੇ ਥੌੜ ਜੋ ਪਾਪਾ ਨੂੰ ਆਪਣੇ ਮਾਪਿਆਂ ਦੇ ਪਿਆਰ ਦੀ ਹੁੰਦੀ ਸੀ। ਉਹ ਪਿਆਰ ਮੇਰੇ ਨਾਨੀ ਜੀ ਨੇ ਪਾਪਾ ਨੂੰ ਦਿੱਤਾ। ਮੰਮੀ ਦੱਸਦੇ ਨੇ ਜਦੋਂ ਮੰਮੀ ਵਿਆਹ ਕੇ ਘਰ ਆਏ ਸੀ ਤਾਂ ਸਾਡੇ ਘਰ ਕੁਝ ਵੀ ਨਹੀਂ ਸੀ ਹੁੰਦਾ। ਇੱਕ ਟੁੱਟੀ ਰਸੋਈ, ਦੋ ਕਮਰੇ ਤੇ ਕੱਚਾ ਵਿਹੜਾ। ਮੰਮੀ ਦੇ ਪੇਕਿਆਂ ਘਰ ਦੁੱਧ , ਘਿਓ, ਵੱਡਾ ਪੱਕਾ ਘਰ ਸਭ ਸੀ। ਹਰ ਕੋਈ ਸ਼ਖ਼ਸ ਮਿਹਨਤੀ ਹੁੰਦਾ, ਪਰ ਮੈਂ ਆਪਣੇ ਪਾਪਾ ਵਰਗਾ ਮਿਹਨਤੀ ਬੰਦਾ ਅੱਜ ਤੱਕ ਨਹੀਂ ਦੇਖਿਆ। ਸਾਡੇ ਘਰ ਦੇ ਫ਼ਰਸ਼ ਤੋਂ ਲੈ ਕੇ, ਫਰਿੱਜ, ਪੱਖੇ ਤੱਕ ਸਭ ਮੇਰੇ ਪਾਪਾ ਨੇ ਹੱਥੀਂ ਕਮਾ ਕੇ ਲਗਾਇਆ ਏ। ਮੇਰੇ ਪਾਪਾ ਰੱਬ  ਅਤੇ ਮਿਹਨਤ ਇਹਨਾਂ ਦੋ ਚੀਜ਼ਾਂ ਨੂੰ ਮੰਨਦੇ ਆ। ਉਹ 45 ਵਰ੍ਹਿਆਂ ਦੀ ਉਮਰ ਵਿੱਚ ਵੀ 25 ਵਰ੍ਹੇ ਦੇ ਲਗਦੇ ਨੇ। ਉਹ ਆਪਣੇ ਕਈ ਸੁਪਨੇ ਦਿਲ ਵਿੱਚ ਰੱਖ ਕੇ ਸਾਡੇ ਸਭ ਦੀਆਂ ਰੀਝਾਂ ਪੂਰੀਆਂ ਕੀਤੀਆਂ ਆ। ਜਦੋਂ ਉਹ ਪਹਿਲੀ ਵਾਰ ਵਿਦੇਸ਼ ਗਏ ਸੀ ਤਾਂ ਮੇਰੇ ਮੰਮੀ ਦੇ ਸਾਰੇ ਗਹਿਣੇ ਵੇਚ ਦਿੱਤੇ ਸੀ। ਉਹ ਅੰਦਰੋਂ ਅੰਦਰੀ ਬੁਰਾ ਮਨਾ ਰਹੇ ਸੀ। ਪਰ ਉਸ ਸਮੇਂ ਮੇਰੇ ਦਾਦਾ ਜੀ ਦਾ ਬਹੁਤ ਕਰਜ਼ ਦੇਣ ਵਾਲਾ ਸੀ। ਪਾਪਾ ਜੀ ਨੇ ਮਿਹਨਤ ਨਾਲ ਕਰਜ਼ ਉਤਾਰ ਦਿੱਤਾ ਪਰ ਜੋ ਕਿਸਮਤ ਨੂੰ ਮਨਜ਼ੂਰ, ਪਾਪਾ ਦਾ ਵਿਦੇਸ਼ ਵਿਚ ਪਾਸਪੋਰਟ ਗਵਾਚ ਗਿਆ। ਜੇਲ੍ਹ ਹੋ ਗਈ ਪਰ ਪਾਪਾ ਨੇ ਰੱਬ ਤੇ ਭਰੋਸਾ ਨਹੀਂ ਛੱਡਿਆ।

ਮਹੀਨੇ ਦੋ ਮਹੀਨੇ ਪਿੱਛੋਂ ਪਾਸਪੋਰਟ ਮਿਲ ਗਿਆ। ਪਾਪਾ ਘਰ ਆ ਗਏ, ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਅੰਗਰੇਜ਼ੀ ਸਕੂਲ ਤੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਪਾ ਦਿੱਤਾ। ਮੇਰੇ ਮੰਮੀ ਤਦ ਬਹੁਤ ਉਦਾਸ ਸੀ ਪਰ ਪਾਪਾ ਦਾ ਮੰਨਣਾ ਸੀ ਕਿ ਬੱਚੇ ਪੜ੍ਹਨ ਵਾਲੇ ਹੋਣੇ ਚਾਹੀਦੇ ਆ, ਜਿੱਥੇ ਮਰਜ਼ੀ ਪੜਾ ਲੋ। ਉਸ ਸਮੇਂ ਤੋਂ ਲੈਕੇ ਹੁਣ ਤੱਕ ਅਸੀਂ ਸਰਕਾਰੀ ਸਕੂਲ ਵਿੱਚ ਹੀ ਪੜੇ। ਫਿਰ ਕਿਸਮਤ ਦਾ ਗੇੜ ਪਿਆ। ਪਾਪਾ ਫਿਰ ਵਿਦੇਸ਼ ਗਏ ਕਰਜ਼ਾ ਚੁੱਕ ਕੇ। ਕਰਜ਼ਾ ਉਤਾਰ ਦਿੱਤਾ। ਸਾਨੂੰ‌ ਉਹ ਸਾਰਾ ਸੁੱਖ ਦਿੱਤਾ ਜਿਸ ਤੋਂ ਉਹ ਆਪ ਵਾਂਝੇ ਰਹੇ।  ਉਹ ਮੈਨੂੰ ਤੇ ਮੇਰੀ ਜੌੜੀ ਭੈਣ ਨੂੰ ਪੱਤਰਕਾਰੀ ਦਾ ਕੋਰਸ ਕਰਵਾ ਰਹੇ ਹਨ। ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਏ ਵਿਦੇਸ਼ ਗਏ ਨੂੰ। ਸਾਨੂੰ ਕਈ ਮੌਕਿਆਂ ਤੇ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਹੈ। ਪਰ ਇਹ ਮੋਬਾਈਲ ਫੋਨ ਦੀ ਦੁਨੀਆਂ ਕਰਕੇ ਉਹ ਹਮੇਸ਼ਾ ਸਾਨੂੰ ਘਰ ਬੈਠੇ ਜਾਪਦੇ ਹਨ। ਉਹਨਾਂ ਜ਼ਿੰਦਗੀ ਦੇ ਬਹੁਤ ਸਬਕ਼ ਸਿਖਾਏ ਹਨ। ਉਹਨਾਂ ਦੀ ਸੋਚ ਦਾ ਮੁਕਾਬਲਾ ਕਰ ਪਾਉਣਾ ਸੰਭਵ ਨਹੀਂ ਹੈ। ਉਹਨਾਂ ਨੇ ਸਾਨੂੰ ਬਹੁਤ ਵਧੀਆ ਸੋਚ ਦਿੱਤੀ ਹੈ। ਉਹ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਦੇ ਹਨ। ਉਹ ਬਹੁਤ ਸਵਾਦ ਖਾਣਾ ਵੀ ਬਣਾਉਦੇ ਹਨ। ਉਹ ਦੁਨੀਆ ਦੇ ਬਿਹਤਰ ਪਤੀ, ਪਿਤਾ ਤੇ ਦੋਸਤ ਹਨ। ਉਹਨਾਂ ਦੀ ਇੱਕ ਮੁਸਕੁਰਾਹਟ ਸਾਰੇ ਦਿਨ ਦੀ ਥਕਾਨ ਉਤਾਰ ਦਿੰਦੀ ਹੈ। ਮੇਰੀ ਮੰਮੀ ਦਾ ਸਾਥ ਦੇਣ ਵਾਲਾ ਸੁਭਾਅ ਤੇ ਆਪਣੇ ਪਾਪਾ ਦਾ ਮਿਹਨਤ ਕਰਨਾ ਤੇ ਕਿਰਤ ਕਰਨਾ ਦਾ ਸੁਭਾਅ ਅੰਦਰ ਸਮਾਅ ਚੁੱਕੀ ਹਾਂ।