ਵਿਆਹ ਸਬੰਧੀ ਝਗੜੇ ’ਚ ਫੌਜੀ ਦੀ ਨੰਗਾ ਕਰ ਕੇ ਥਾਣੇ ’ਚ ਕੁੱਟਮਾਰ, ਹਾਈਕੋਰਟ ਨੇ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ

0
768

ਚੰਡੀਗੜ੍ਹ, 8 ਫਰਵਰੀ| ਵਿਆਹ ਸਬੰਧੀ ਝਗੜੇ ਦੇ ਚਲਦਿਆਂ ਚੰਡੀਗੜ੍ਹ ਪੁਲਿਸ ਵਿਚ ਤਾਇਨਾਤ ਸੀਨੀਅਰ ਕਾਂਸਟੇਬਲ ਪਤਨੀ ਦੇ ਇਸ਼ਾਰੇ ’ਤੇ ਫੌਜੀ ਨੂੰ ਥਾਣੇ ਲਿਜਾ ਕੇ ਨੰਗਾ ਕਰ ਕੇ ਕੁੱਟਮਾਰ ਕਰਨ ਤੇ ਵੀਡੀਓ ਬਣਾਉਣ ਨਾਲ ਜੁੜੇ ਦੋਸ਼ਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ।



ਹਾਈ ਕੋਰਟ ਨੇ ਫੌਜੀ ਦੀ ਪਟੀਸ਼ਨ ’ਤੇ ਚੰਡੀਗੜ੍ਹ ਦੇ ਡੀਜੀਪੀ ਸਮੇਤ ਹੋਰਨਾਂ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਥਾਣੇ ਦੀ ਸੀਸੀਟੀਵੀ ਫੁਟੇਜ ਵੀ ਸੁਰੱਖਿਅਤ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇਸ ਮਾਮਲੇ ਵਿਚ ਪੀੜਤ ਪਟੀਸ਼ਨਰ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਪਟੀਸ਼ਨਰ ਨੇ ਇਸ ਪੂਰੇ ਮਾਮਲੇ ਬਾਰੇ ਆਪਣੇ ਕਮਾਂਡਿੰਗ ਅਫਸਰ ਨੂੰ ਦੱਸਿਆ ਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਚੰਡੀਗੜ੍ਹ ਦੇ ਡੀਜੀਪੀ ਤੇ ਆਈਜੀ ਨੂੰ ਭੇਜ ਦਿੱਤਾ। ਪਟੀਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੁਣ ਪੁਲਿਸ ਨੇ ਉਸੇ ਥਾਣੇ ਨੂੰ ਸੌਂਪ ਦਿੱਤੀ ਹੈ, ਜਿਥੇ ਉਸ ’ਤੇ ਤਸ਼ੱਦਦ ਹੋਇਆ ਸੀ।

ਪਟੀਸ਼ਨ ਦਾਖਲ ਕਰਦੇ ਹੋਏ ਫੌਜੀ ਪਤੀ ਨੇ ਦੱਸਿਆ ਕਿ ਉਸ ਦਾ ਉਸ ਦੀ ਪਤਨੀ ਨਾਲ ਵਿਆਹ ਸਬੰਧੀ ਵਿਵਾਦ ਚੱਲ ਰਿਹਾ ਹੈ। ਉਸ ਦੀ ਪਤਨੀ ਚੰਡੀਗੜ੍ਹ ਪੁਲਿਸ ਵਿਚ ਸੀਨੀਅਰ ਕਾਂਸਟੇਬਲ ਵਜੋਂ ਤਾਇਨਾਤ ਹੈ। 12 ਨਵੰਬਰ 2023 ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ 11 ਥਾਣੇ ਵਿਚ ਉਸ ਨਾਲ ਅਣਮਨੁੱਖੀ ਵਤੀਰਾ ਕੀਤਾ। ਥਾਣੇ ਵਿਚ ਉਸ ਨੂੰ ਨੰਗਾ ਕਰ ਕੇ ਤਸ਼ੱਦਦ ਕੀਤਾ ਗਿਆ ਤੇ ਵੀਡੀਓ ਬਣਾਈ ਗਈ।

ਉਸ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਾਂਚ ਡੀਐੱਸਪੀ ਪੱਧਰ ਤੋਂ ਹੇਠਾਂ ਨਾ ਹੋਵੇ। ਨਾਲ ਹੀ ਇਸ ਮਾਮਲੇ ਵਿਚ ਹਾਈ ਕੋਰਟ ਉਚਿਤ ਹੁਕਮ ਜਾਰੀ ਕਰੇ। ਅਦਾਲਤ ਨੇ ਫਿਲਹਾਲ ਸੀਸੀਟੀਵੀ ਫੁਟੇਜ ਸੁਰੱਖਿਅਤ ਰੱਖਣ ਦਾ ਹੁਕਮ ਦਿੱਤਾ ਹੈ। ਨਾਲ ਹੀ ਡੀਜੀਪੀ ਸਮੇਤ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ।