ਨਵੀਂ ਦਿੱਲੀ| ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕੱਦ ਦੇ ਨੇਤਾ ਚਰਨਜੀਤ ਸਿੰਘ ਅਟਵਾਲ ਜੋ ਕਿ ਬਾਦਲ ਪਰਿਵਾਰ ਵੱਲੋਂ ਅੱਖੋਂ-ਪਰੋਖੇ ਕਰਨ ਤੋਂ ਬਾਅਦ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ, ਵੱਲੋਂ ਅੱਜ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਇੰਦਰ ਅਟਵਾਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਚਰਨਜੀਤ ਸਿੰਘ ਅਟਵਾਲ ਦਿੱਲੀ ਵਿਖੇ ਆਪਣੇ ਪੁੱਤਰ ਸਾਬਕਾ ਵਿਧਾਇਕ ਇੰਦਰ ਇਕਬਾਲ ਅਟਵਾਲ ਸਮੇਤ ਪੁੱਜ ਗਏ ਹਨ। ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ।
ਦੱਸਣਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ‘ਚ ਚਰਨਜੀਤ ਅਟਵਾਲ ਜਲੰਧਰ ਲੋਕ ਸਭਾ ਹਲਕੇ ਤੋਂ ਬਹੁਤ ਹੀ ਥੋੜ੍ਹੇ ਫਰਕ ਨਾਲ ਕਾਂਗਰਸੀ ਉਮੀਦਵਾਰ ਤੋਂ ਹਾਰੇ ਸਨ। ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਚਰਨਜੀਤ ਸਿੰਘ ਅਟਵਾਲ ਲੋਕ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਹਨ।
ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ ਹੋਇਆ ਹੈ। ਇੰਦਰ ਇਕਬਾਲ ਸਿੰਘ ਨੂੰ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਪਾਰਟੀ ‘ਚ ਸ਼ਾਮਲ ਕਰਵਾਇਆ। ਜ਼ਿਕਰਯੋਗ ਹੈ ਕਿ ਉਨ੍ਹਾਂ ਵਲੋਂ ਅੱਜ (ਐਤਵਾਰ) ਅਕਾਲੀ ਦਲ ਤੋਂ ਅਸਤੀਫ਼ਾ ਦਿੱਤਾ ਗਿਆ ਸੀ।