ਅੰਮ੍ਰਿਤਸਰ, 22 ਸਤੰਬਰ | ਇਥੇ ਤੰਦੂਰੀ ਚਿਕਨ ਨੂੰ ਲੈ ਕੇ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਚਿਕਨ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਿਰ ਪਾਟ ਗਏ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਅਧੀਨ ਆਉਂਦੇ ਇਲਾਕਾ ਚੌੜਾ ਬਾਜ਼ਾਰ ਗੇਟ ਹਕੀਮਾਂ ਦਾ ਹੈ ਜਿਥੇ ਤੰਦੂਰੀ ਮੁਰਗਾ ਵੇਚਣ ਵਾਲੇ ਨੌਜਵਾਨ ਦੀ ਪੈਸੇ ਮੰਗਣ ਉਤੇ ਗਾਹਕ ਵੱਲੋਂ ਕੁੱਟਮਾਰ ਕੀਤੀ ਗਈ। ਪੀੜਤ ਨੌਜਵਾਨ ਨੇ ਦੋਸ਼ ਲਗਾਏ ਹਨ ਕਿ ਉਹ ਅੰਮ੍ਰਿਤਸਰ ਦੇ ਗੇਟ ਹਕੀਮਾਂ ਅੰਦਰ ਤੰਦੂਰੀ ਮੁਰਗਾ ਵੇਚਣ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਸ ਦੀ ਦੁਕਾਨ ਉਪਰ ਇਕ ਨੌਜਵਾਨ ਵੱਲੋਂ ਮੁਰਗਾ ਪੈਕ ਕਰਵਾ ਕੇ ਪੂਰੇ ਪੈਸੇ ਨਹੀਂ ਦਿੱਤੇ ਗਏ ਅਤੇ ਪੈਸੇ ਮੰਗਣ ‘ਤੇ ਕੁੱਟਮਾਰ ਮਗਰੋਂ ਦੁਕਾਨ ‘ਤੇ ਬੋਤਲਾਂ ਮਾਰੀਆਂ ਗਈਆਂ।
ਦੁਕਾਨਦਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ। ਸਾਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਾਡੀ ਦੁਕਾਨ ਉਤੇ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ। ਉਥੇ ਹੀ ਪੀੜਤ ਦਾ ਕਹਿਣਾ ਹੈ ਕਿ ਪਿਸਤੌਲਾਂ ਦਿਖਾ ਕੇ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਉਪਰ ਬਣਦੀ ਕਾਰਵਾਈ ਹੋਵੇਗੀ।
ਅੰਮ੍ਰਿਤਸਰ : ਤੰਦੂਰੀ ਚਿਕਨ ਪਿੱਛੇ ਪਾਟੇ ਸਿਰ, ਨੌਜਵਾਨਾਂ ਨੇ ਦੁਕਾਨਦਾਰ ‘ਤੇ ਵਰ੍ਹਾਈਆਂ ਬੋਤਲਾਂ
Related Post