ਅੰਮ੍ਰਿਤਸਰ, 7 ਜਨਵਰੀ | ਅੰਮ੍ਰਿਤਸਰ ਦਿਹਾਤੀ ਪੁਲਿਸ ਨੇ CEIR (Central Equipment Identity Register) ਹੈਲਪ ਡੈਸਕ ਦੀ ਮਦਦ ਨਾਲ ਵੱਡੀ ਸਫ਼ਲਤਾ ਹਾਸਲ ਕਰਦਿਆਂ 300 ਗੁੰਮਸ਼ੁਦਾ ਅਤੇ ਚੋਰੀ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਹਨ। ਇਨ੍ਹਾਂ ਮੋਬਾਈਲ ਫੋਨਾਂ ਦੀ ਕੁੱਲ ਕੀਮਤ ਲਗਭਗ 60 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਮੋਬਾਈਲ ਫੋਨ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਗਏ। ਸਮਾਗਮ ਵਿੱਚ ਪੂਰੇ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਵੀ ਲੋਕ ਆਪਣੇ ਗੁੰਮ ਹੋਏ ਮੋਬਾਈਲ ਫੋਨ ਲੈਣ ਲਈ ਅੰਮ੍ਰਿਤਸਰ ਪੁੱਜੇ। ਕਈ ਲੋਕਾਂ ਲਈ ਇਹ ਪਲ ਕਾਫ਼ੀ ਭਾਵੁਕ ਸਨ ਕਿਉਂਕਿ ਮੋਬਾਈਲ ਫੋਨ ਨਾਲ ਜੁੜੀਆਂ ਅਹਿਮ ਯਾਦਾਂ, ਦਸਤਾਵੇਜ਼ ਅਤੇ ਨਿੱਜੀ ਜਾਣਕਾਰੀਆਂ ਵੀ ਮੁੜ ਮਿਲੀਆਂ।

ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਦਿਹਾਤੀ ਸੋਹੇਲ ਮੀਰ ਨੇ ਦੱਸਿਆ ਕਿ ਲਗਭਗ ਇੱਕ ਮਹੀਨਾ ਪਹਿਲਾਂ ਸਾਈਬਰ ਪੁਲਿਸ ਸਟੇਸ਼ਨ ਦੇ ਅਧੀਨ CEIR ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਲੋਕਾਂ ਨੂੰ ਰਾਹਤ ਦੇਣਾ ਸੀ। ਹੈਲਪ ਡੈਸਕ ‘ਤੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਇਸਨੂੰ ਪ੍ਰਾਥਮਿਕਤਾ ਨਾਲ ਅੱਗੇ ਵਧਾਇਆ।

ਐਸਐਸਪੀ ਸੋਹੇਲ ਮੀਰ ਨੇ ਕਿਹਾ ਕਿ ਤਕਨੀਕੀ ਤੌਰ ‘ਤੇ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਹੈ, ਕਿਉਂਕਿ ਬਹੁਤੇ ਫੋਨ ਹੋਰ ਜ਼ਿਲ੍ਹਿਆਂ ਜਾਂ ਸੂਬਿਆਂ ਤੱਕ ਪਹੁੰਚ ਜਾਂਦੇ ਹਨ। ਇਸ ਦੇ ਬਾਵਜੂਦ ਪੁਲਿਸ ਟੀਮ ਨੇ ਬਿਹਤਰ ਤਕਨੀਕੀ ਸਹਿਯੋਗ ਅਤੇ ਕੋਆਰਡੀਨੇਸ਼ਨ ਨਾਲ ਇਹ ਟੀਚਾ ਹਾਸਲ ਕੀਤਾ। ਉਨ੍ਹਾਂ ਨੇ ਹੈਡ ਕਾਂਸਟੇਬਲ ਜਤਿੰਦਰ ਸਿੰਘ ਸਮੇਤ ਪੂਰੀ ਟੀਮ ਦੀ ਮਿਹਨਤ ਅਤੇ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ।

ਅੰਤ ਵਿੱਚ ਐਸਐਸਪੀ ਸੋਹੇਲ ਮੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਝ ਕੇਂਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇ, ਤਾਂ ਜੋ CEIR ਸਿਸਟਮ ਰਾਹੀਂ ਉਸਨੂੰ ਜਲਦੀ ਟ੍ਰੇਸ ਕੀਤਾ ਜਾ ਸਕੇ।