ਅੰਮ੍ਰਿਤਸਰ | ਇਥੋਂ ਇਕ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ ਹੈ। ਸ਼ਨੀਵਾਰ ਦੇਰ ਰਾਤ ਨਿਹੰਗ ਸਿੰਘਾਂ ਦੇ ਭੇਸ ਵਿਚ ਆਏ ਕੁਝ ਲੋਕਾਂ ਨੇ ਪਾਨ-ਬੀੜੀ ਦੀਆਂ ਦੁਕਾਨਾਂ ‘ਤੇ ਹਮਲਾ ਕੀਤਾ ਅਤੇ ਲੁੱਟ-ਖੋਹ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪੈਸੇ ਅਤੇ ਕੋਲਡ ਡਰਿੰਕ ਦੀ ਬੋਤਲ ਲੈ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰ ਲਈ ਜਾਵੇਗੀ। ਵਿਜੇ ਕੁਮਾਰ ਨੇ ਦੱਸਿਆ ਕਿ ਉਹ ਦੋਸਤ ਨਾਲ ਹਾਲ ਬਾਜ਼ਾਰ ਨੇੜੇ ਪਾਨ-ਬੀੜੀ ਦੀ ਦੁਕਾਨ ਚਲਾਉਂਦਾ ਹੈ, ਉਹ ਸ਼ਨੀਵਾਰ ਰਾਤ 12 ਵਜੇ ਦੁਕਾਨ ਬੰਦ ਕਰ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੀ ਦੁਕਾਨ ਦੇ ਬਾਹਰ 15-20 ਨਿਹੰਗ ਸਿੰਘਾਂ ਨੇ ਆ ਕੇ ਰੌਲਾ ਪਾਇਆ।

ਜਦੋਂ ਉਹ ਦੁਕਾਨ ਦੇ ਬਾਹਰ ਪਹੁੰਚ ਗਏ ਤਾਂ ਆਪਣੀਆਂ ਤਲਵਾਰਾਂ ਕੱਢ ਕੇ ਉਨ੍ਹਾਂ ਦੀ ਦੁਕਾਨ ਦੇ ਸ਼ੀਸ਼ੇ ਤੋੜਨ ਲੱਗੇ ਅਤੇ ਸਾਰੇ ਮੁਲਜ਼ਮ ਉਨ੍ਹਾਂ ਦੀਆਂ ਦੋਵੇਂ ਦੁਕਾਨਾਂ ਦੇ ਅੰਦਰ ਦਾਖਲ ਹੋ ਗਏ ਅਤੇ ਭੰਨ-ਤੋੜ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦੁਕਾਨ ਵਿਚ ਰੱਖੀ ਕੋਲਡ ਡਰਿੰਕ ਦੀਆਂ ਬੋਤਲਾਂ, ਸਿਗਰਟ, ਬੀੜੀਆਂ ਦੇ ਬੰਡਲ ਤੇ ਪੈਸੇ ਲੁੱਟ ਲਏ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿਹੰਗ ਸਿੰਘਾਂ ਦੀ ਇਹ ਦਹਿਸ਼ਤ ਬੰਦ ਹੋਣੀ ਚਾਹੀਦੀ ਹੈ।