ਅੰਮ੍ਰਿਤਸਰ, 28 ਨਵੰਬਰ | CIA ਸਟਾਫ-3 ਵੱਲੋਂ 6 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਤਸਕਰ ਮਹਿੰਦਰ ਪਾਲ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਸੌਰਵ ਸ਼ਰਮਾ ਵਾਸੀ ਪਿੱਪਲਾਂਵਾਲੀ, ਹੁਸ਼ਿਆਰਪੁਰ ਦਾ ਤੀਜਾ ਸਾਥੀ ਜਸਮੀਤ ਸਿੰਘ ਉਰਫ਼ ਲੱਕੀ ਅਮਰੀਕਾ ਚਲਾ ਗਿਆ ਹੈ। ਉਥੋਂ ਹੀ ਉਹ ਪੰਜਾਬ ਵਿਚ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਹੈ। ਉਹ ਇਸ ਸਾਲ ਮਾਰਚ ਮਹੀਨੇ ’ਚ ਹੀ ਜੇਲ੍ਹ ’ਚੋਂ ਬਾਹਰ ਆਇਆ ਸੀ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ NDPS ਐਕਟ ਦੇ ਕਰੀਬ 11 ਕੇਸ ਦਰਜ ਹਨ। ਇੰਨੇ ਕੇਸ ਦਰਜ ਹੋਣ ਦੇ ਬਾਵਜੂਦ ਉਹ ਅਮਰੀਕਾ ਚਲਾ ਗਿਆ। ਇਸ ਤੋਂ ਸਪੱਸ਼ਟ ਹੈ ਕਿ ਉਹ ਪੰਜਾਬ ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੀ ਅਮਰੀਕਾ ਭੱਜਿਆ ਹੈ।
ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਮੁਲਜ਼ਮ ਜਾਅਲੀ ਦਸਤਾਵੇਜ਼ ਬਣਾ ਕੇ ਅਮਰੀਕਾ ਚਲਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਗੈਂਗਸਟਰ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ ਭੱਜ ਚੁੱਕੇ ਹਨ ਜਿਨ੍ਹਾਂ ਵਿਚ ਗੈਂਗਸਟਰ ਲੰਡਾ, ਅਰਸ਼ਦੀਪ ਸਿੰਘ ਡੱਲਾ ਅਤੇ ਹੋਰ ਕਈ ਗੈਂਗਸਟਰ ਸ਼ਾਮਲ ਹਨ। ਲੰਡਾ ਨੂੰ ਵੀ ਅੱਤਵਾਦੀ ਐਲਾਨਿਆ ਗਿਆ ਹੈ।
ਦੱਸਣਯੋਗ ਹੈ ਕਿ ਲੱਕੀ ਜੇਲ੍ਹ ’ਚ ਬੈਠੇ ਕਈ ਸਮੱਗਲਰਾਂ ਦੇ ਸੰਪਰਕ ’ਚ ਆਇਆ ਅਤੇ ਉਸ ਤੋਂ ਬਾਅਦ ਉਹ ਉਨ੍ਹਾਂ ਦੇ ਸੰਪਰਕ ’ਚ ਰਹਿਣ ਲੱਗਾ। ਬਾਅਦ ਵਿਚ ਜਦੋਂ ਉਹ ਜੇਲ੍ਹ ’ਚੋਂ ਬਾਹਰ ਆਇਆ ਤਾਂ ਵਿਦੇਸ਼ ਭੱਜ ਗਿਆ ਅਤੇ ਉਨ੍ਹਾਂ ਦੇ ਸੰਪਰਕ ਵਿਚ ਰਹਿ ਕੇ ਇਹ ਕੰਮ ਕਰਨ ਲੱਗਾ। ਉਹ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿਚ ਵੀ ਸੀ ਜਿਨ੍ਹਾਂ ਤੋਂ ਉਸ ਨੂੰ ਹੈਰੋਇਨ ਦੀ ਖੇਪ ਮਿਲਦੀ ਸੀ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੱਕੀ ਦੇ 2 ਸਾਥੀ ਕਰੀਬ 15 ਦਿਨ ਪਹਿਲਾਂ ਜੰਡਿਆਲਾ ਟੋਲ ਪਲਾਜ਼ਾ ਨੇੜਿਓਂ 5 ਕਿੱਲੋ ਹੈਰੋਇਨ ਦੀ ਖੇਪ ਲੈ ਕੇ ਗਏ ਸਨ। ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਸਮੱਗਲਰਾਂ ਨੇ ਇਹ ਖੇਪ ਕਿਸ ਤਸਕਰ ਨੂੰ ਦਿੱਤੀ ਸੀ। ਦੱਸਣਯੋਗ ਹੈ ਕਿ ਮਹਿੰਦਰ ਪਾਲ ਵਿਰੁੱਧ ਕਰੀਬ 5 ਕੇਸ ਦਰਜ ਹਨ ਅਤੇ ਇਹ ਦੋਵੇਂ ਜੇਲ੍ਹ ਵਿਚ ਹੀ ਮਿਲੇ ਸਨ।
ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਸੀਆਈਏ ਸਟਾਫ ਦੇ 3 ਮੈਂਬਰਾਂ ਦੀ ਟੀਮ ਨੇ ਅਟਾਰੀ ਝਬਾਲ ਰੋਡ ’ਤੇ ਪਿੰਡ ਬੁਰਜ ਨੇੜੇ ਇਕ ਕਾਰ ਵਿਚ ਸਵਾਰ 2 ਸਮੱਗਲਰਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਨ੍ਹਾਂ ਕੋਲੋਂ 6 ਕਿੱਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੋਵਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਸਮੀਤ ਸਿੰਘ ਉਰਫ਼ ਲੱਕੀ ਵੀ ਮੁਲਜ਼ਮਾਂ ਦੇ ਸੰਪਰਕ ਵਿਚ ਸੀ ਜੋ ਅਮਰੀਕਾ ਵਿਚ ਬੈਠ ਕੇ ਇਸ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਇਹ ਲੋਕ ਹੁਸ਼ਿਆਰਪੁਰ ਤੋਂ ਹੀ ਇਹ ਖੇਪ ਲੈਣ ਆਏ ਸਨ।