ਅੰਮ੍ਰਿਤਸਰ| ਨਿਹੰਗਾਂ ਤੇ ਪੁਲਿਸ ਵਿਚ ਦੇਰ ਰਾਤ ਝੜਪ ਹੋ ਗਈ। ਮਾਮਲਾ ਵਧਦਾ ਦੇਖ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਤਾਂ ਨਿਹੰਗ ਗੱਡੀਆਂ ਵਿਚ ਬੈਠ ਫਰਾਰ ਹੋ ਗਏ। ਪੁਲਿਸ ਨੇ ਇਕ ਨਿਹੰਗ ਪੰਡੋਰੀ ਵੜੈਚ ਵਾਸੀ ਤੇਜਬੀਰ ਸਿੰਘ ਦੀ ਪਛਾਣ ਕਰ ਕੇ ਲਗਭਗ 20 ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਡੀਐੱਸਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਘਟਨਾ ਸੁਲਤਾਨਵਿੰਡ ਰੋਡ ਦੀ ਹੈ। ਬਲੂ ਸਟਾਰ ਆਪ੍ਰੇਸ਼ਨ ਦੀ ਬਰਸੀ ਮੌਕੇ ਅੰਮ੍ਰਿਤਸਰ ਵਿਚ ਪੁਲਿਸ ਨੇ ਸੁਰੱਖਿਆ ਵਧਾਈ ਹੈ। ਰਾਤ ਸੁਲਤਾਨਵਿੰਡ ਏਰੀਆ ਵਿਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਉਦੋਂ ਮੁਲਜ਼ਮ ਤੇਜਬੀਰ ਸਿੰਘ ਨਿਹੰਗ ਬਾਣੇ ਵਿਚ ਉਥੇ ਪਹੁੰਚਿਆ। 3-4 ਗੱਡੀਆਂ ਵਿਚ ਦੋ ਦਰਜਨ ਦੇ ਕਰੀਬ ਨਿਹੰਗ ਵੀ ਨਾਲ ਸਨ। ਪੁਲਿਸ ਨੇ ਰੋਕ ਕੇ ਉਨ੍ਹਾਂ ਦੀ ਚੈਕਿੰਗ ਕਰਨੀ ਚਾਹੀ ਤਾਂ ਉਹ ਭੜਕ ਗਏ।

ਪੁਲਿਸ ਦੇ ਰੋਕਣ ਉਤੇ ਮੁਲਜ਼ਮ ਤੇ ਹੋਰ ਨਿਹੰਗਾਂ ਨੇ ਪੁਲਿਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਪੁਲਿਸ ਨੇ ਬੈਕਅੱਪ ਟੀਮ ਨੂੰ ਉਥੇ ਬੁਲਾ ਲਿਆ। ਜਿਵੇਂ ਹੀ ਪੁਲਿਸ ਟੀਮਾਂ ਪਹੁੰਚੀਆਂ ਮੁਲਜ਼ਮ ਨਿਹੰਗ ਉਥੋਂ ਗੱਡੀਆਂ ਵਿਚ ਭੱਜ ਗਏ ਪਰ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।