ਅੰਮ੍ਰਿਤਸਰ | ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਉਸ ਦੇ ਪਰਿਵਾਰਕ ਮੈਂਬਰਾਂ ‘ਤੇ ਨਜ਼ਰ ਰੱਖ ਰਹੀਆਂ ਹਨ। ਨਾਲ ਹੀ ਪੁਲਿਸ ਗਰਮ ਖ਼ਿਆਲੀਆਂ ‘ਤੇ ਵੀ ਨਜ਼ਰ ਰੱਖ ਰਹੀ ਹੈ ਤਾਂ ਜੋ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਈ ਕੋਸ਼ਿਸ਼ ਨਾ ਕੀਤੀ ਜਾਵੇ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਉਸ ਦੀ ਰਿਹਾਇਸ਼ ‘ਤੇ ਲੋਕਾਂ ਦਾ ਆਉਣਾ-ਜਾਣਾ ਵੀ ਲੱਗਾ ਹੋਇਆ ਹੈ।

ਪੰਜਾਬ ‘ਚ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਪੁਲਿਸ ਲੋਕਾਂ ਨੂੰ ਮਾਹੌਲ ਸ਼ਾਂਤ ਰੱਖਣ ਦੀ ਅਪੀਲ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅੰਮ੍ਰਿਤਪਾਲ ਦੇ ਸਮਰਥਕਾਂ ਤੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਉਹ ਦੇਸ਼ ਛੱਡ ਕੇ ਨਾ ਜਾਵੇ।

ਜ਼ਿਕਰਯੋਗ ਹੈ ਕਿ ਕਿਰਨਦੀਪ ਕੌਰ ਨੂੰ ਪੁਲਿਸ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਕੇ ਜੱਲੂਪੁਰ ਖੇੜਾ ਭੇਜ ਦਿੱਤਾ ਸੀ ਜਿਸ ਕਾਰਨ ਕਿਰਨਦੀਪ ਵਿਦੇਸ਼ ਨਹੀਂ ਜਾ ਸਕੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਨਾਲ ਸਾਡਾ ਕੋਈ ਸੰਪਰਕ ਨਹੀਂ ਸੀ। ਮੀਡੀਆ ਰਾਹੀਂ ਹੀ ਪਤਾ ਲੱਗਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਨੂੰਨ ਅਨੁਸਾਰ ਜੋ ਵੀ ਢੁਕਵਾਂ ਹੋਵੇਗਾ ਉਸ ਨੂੰ ਮਿਲਣ ਲਈ ਜੇਲ੍ਹ ਜਾਵਾਂਗੇ।

ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੈਂ ਖ਼ਬਰਾਂ ਦੇਖੀਆਂ ਤੇ ਪਤਾ ਲੱਗਿਆ ਕਿ ਉਸ ਨੇ ਸਰੰਡਰ ਕਰਦਿੱਤਾ ਹੈ। ਮੈਨੂੰ ਮਾਣ ਹੈ ਕਿ ਮੇਰੇ ਪੁੱਤਰ ਨੇ ਇਕ ਯੋਧੇ ਵਾਂਗ ਸਰੰਡਰ ਕੀਤਾ ਹੈ। ਅਸੀਂ ਕਾਨੂੰਨੀ ਲੜਾਈ ਲੜਾਂਗੇ ਤੇ ਜਲਦ ਹੀ ਉਸ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਜਾਵਾਂਗੇ।