ਅੰਮ੍ਰਿਤਪਾਲ ਦਾ ਮਜੀਠੀਆ ‘ਤੇ ਤੰਜ, ਕਿਹਾ- ਕਿਸੇ ਦੇ ਡਰੱਗ ਦੇ ਕਾਰੋਬਾਰ ‘ਤੇ ਲੱਤ ਮਾਰਾਂਗੇ, ਤਕਲੀਫ ਤਾਂ ਹੋਵੇਗੀ ਹੀ

0
195

ਅੰਮ੍ਰਿਤਸਰ | ਅਜਨਾਲਾ ਘਟਨਾ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤੇ ਬਿਆਨ ਉਤੇ ਅੰਮ੍ਰਿਤਪਾਲ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਮਜੀਠੀਆ ਨੂੰ ਤਕਲੀਫ ਇਹ ਹੈ ਕਿ ਅਸੀਂ ਨਸ਼ਿਆਂ ਖਿਲਾਫ ਮੁਹਿੰਮ ਚਲਾ ਰਹੇ ਹਾਂ।

ਉਨ੍ਹਾਂ ਆਖਿਆ ਕਿ ਇਨ੍ਹਾਂ ਲੋਕਾਂ ਦੀ ਰੋਜ਼ੀ-ਰੋਟੀ ਡਰੱਗ ਤੋਂ ਚੱਲਦੀ ਹੈ, ਜੇਕਰ ਮੈਂ ਕਿਸੇ ਦੇ ਕਾਰੋਬਾਰ ਉਤੇ ਲੱਤ ਮਾਰਾਂ ਤਾਂ ਉਹ ਪਰੇਸ਼ਾਨ ਨਾ ਹੋਵੇ ਤਾਂ ਹੋਰ ਕੀ ਕਰੇ। ਜੇ ਕਿਸੇ ਦੀ ਰੋਜ਼ੀ ਰੋਟੀ ਖੋਹ ਲਈਏ ਤਾਂ ਉਸ ਨੇ ਪਰੇਸ਼ਾਨ ਤਾਂ ਹੋਣਾ ਹੀ ਹੈ। ਤੁਸੀਂ ਉਸ ਦੀ ਮਜ਼ਬੂਰੀ ਸਮਝਿਆ ਕਰੋ।

ਉਨ੍ਹਾਂ ਲੋਕਾਂ ਨੇ ਆਪਣੇ ਹਾਊਏ ਬਣਾਏ ਹੋਏ ਸੀ ਕਿ ਉਹ ਮਾਝੇ ਦੇ ਜਰਨੈਲ ਹਨ, ਉਨ੍ਹਾਂ ਨੂੰ ਪੁੱਛੋ ਕਿ ਥਾਣੇ ਉਤੇ ਕਬਜ਼ਾ ਕਿਸ ਨੇ ਕੀਤਾ ਸੀ। ਅਸੀਂ ਅੰਦਰ ਦਸ ਗਿਣਤੀ ਦੇ ਬੰਦੇ ਗਏ ਸੀ ਤੇ ਉਥੇ ਬੈਠ ਕੇ ਗੱਲ਼ ਕੀਤੀ ਹੈ। ਪੁਲਿਸ ਨੇ ਕੋਈ ਦਾਅਵਾ ਨਹੀਂ ਕੀਤਾ ਕਿ ਥਾਣੇ ਉਤੇ ਕਬਜ਼ਾ ਹੋਇਆ ਹੈ। ਇਹ ਲੋਕ ਸਰਹੱਦੀ ਸੂਬੇ ਦੇ ਬਹਾਨਾ ਹਮੇਸ਼ਾ ਬਣਾਈ ਜਾਂਦੇ ਹਨ।

ਜਦੋਂ ਅੰਮ੍ਰਿਤਪਾਲ ਸਿੰਘ ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਦਿੱਤੇ ਬਿਆਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਉਸ ਨੂੰ ਬੰਦਾ ਹੀ ਨਹੀਂ ਮੰਨਦਾ। ਉਨ੍ਹਾਂ ਆਖਿਆ ਕਿ ਉਸ ਨੂੰ ਛੱਡੋ, ਉਹ ਤਾਂ ਬੰਦਾ ਹੀ ਨਹੀਂ ਹੈਗਾ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਪੁਲਿਸ ਉਸ ਦੇ ਉਨ੍ਹਾਂ ਸਾਥੀਆਂ ਖ਼ਿਲਾਫ਼ ਕਿਸ ਤਰ੍ਹਾਂ ਕਾਰਵਾਈ ਕਰ ਸਕਦੀ ਹੈ ਜੋ ਇੱਕ ਨਿਰਦੋਸ਼ ਨੂੰ ਛੁਡਾਉਣ ਵਾਸਤੇ ਆਏ ਸਨ ਜਦਕਿ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਹੈ।

ਡੀਜੀਪੀ ਵੱਲੋਂ ਭੰਨਤੋੜ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਦਿੱਤੇ ਸੰਕੇਤ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਮੁੜ ਝੂਠੇ ਕੇਸ ਵਿੱਚ ਫਸਾਇਆ ਗਿਆ ਤਾਂ ਜਥੇਬੰਦੀ ਦੁਬਾਰਾ ਪ੍ਰਦਰਸ਼ਨ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਝੂਠਾ ਕੇਸ ਦਰਜ ਕਰਨ ਵਾਲੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਨੂੰ ਆਪਣਾ ਪ੍ਰਚਾਰ ਬੰਦ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕਰਨ ਲਈ ‘ਖਾਲਸਾ ਵਹੀਰ’ ਪ੍ਰੋਗਰਾਮ ਜਾਰੀ ਰਹੇਗਾ।