ਚੰਡੀਗੜ੍ਹ | ਪੰਜਾਬ ਦੇ ਰੱਖਿਆ ਸੈਨਿਕਾਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਤਹਿਤ , 24 ਮਾਰਚ 2023 ਨੂੰ ਰੱਖਿਆ ਸੇਵਾਵਾਂ ਭਲਾਈ (ਡੀ.ਐਸ.ਡਬਲਯੂ) ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਪ੍ਰਧਾਨਗੀ ਹੇਠ ਪੁਰਾਣੀ ਜੀਓਜੀ ਸਕੀਮ ਦੇ ਮੁੱਦਿਆਂ ਨੂੰ ਹੱਲ ਕਰਨ ਸਬੰਧੀ ਵਿਚਾਰ-ਚਰਚਾ ਕਰਨ ਲਈ ਇੱਕ ਮੀਟਿੰਗ ਕੀਤੀ ਗਈ ।

ਇਹ ਮੀਟਿੰਗ ਜੀ.ਓ.ਜੀ. ਦੀ 11 ਮੈਂਬਰੀ ਟੀਮ ਨਾਲ ਮੇਜਰ ਹਰਦੀਪ ਸਿੰਘ, ਫਲਾਇੰਗ ਅਫ਼ਸਰ ਕਮਲ ਵਰਮਾ, ਸਬ-ਮੇਜਰ ਅਮਰੀਕ ਸਿੰਘ ਦੀ ਅਗਵਾਈ ਵਿਚ ਹੋਈ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਨੁਮਾਇੰਦਿਆਂ ਨੇ ਪ੍ਰਮੁੱਖ ਸਕੱਤਰ ਡੀ.ਐੱਸ.ਡਬਲਿਊ., ਜੇ.ਐੱਮ. ਬਾਲਾਮੁਰੂਗਨ, ਆਈ.ਏ.ਐੱਸ., ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ (ਸੇਵਾਮੁਕਤ), ਡਾਇਰੈਕਟਰ ਡੀਐਸਡਬਲਯੂ ਅਤੇ ਬ੍ਰਿਗੇਡੀਅਰ ਤੇਜਵੀਰ ਸਿੰਘ ਮੁੰਡੀ (ਸੇਵਾਮੁਕਤ), ਐਮਡੀ, ਪੈਸਕੋ ਦੀ ਮੌਜੂਦਗੀ ਵਿਚ ਇਸ ਮੀਟਿੰਗ ਵਿਚ ਸ਼ਿਰਕਤ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਸਾਬਕਾ ਜੀਓਜੀ  ਸੈਨਿਕਾਂ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਸ ਮਾਮਲੇ ਵਿਚ ਮੁੱਖ ਮੰਤਰੀ ਦਫ਼ਤਰ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਦੁਹਰਾਇਆ ਕਿ ਭਗਵੰਤ ਮਾਨ ਸਰਕਾਰ ਸਾਡੇ ਰੱਖਿਆ ਬਲਾਂ ਦੇ ਜਵਾਨਾਂ ਦੀਆਂ ਕੁਰਬਾਨੀਆਂ ਦੀ ਕਦਰ ਕਰਦੀ ਹੈ ਕਿਉਂਕਿ ਉਹ ਔਖੇ ਅਤੇ ਸਖ਼ਤ ਹਾਲਾਤਾਂ ਵਿਚ ਕੰਮ ਕਰਦੇ ਹਨ ਅਤੇ ਸਮਾਜ ਨੂੰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਸੇਵਾਵਾਂ ਪ੍ਰਤੀ ਆਪਣੀ ਵਚਨਬੱਧਤਾ ਤੋਂ ਭਲੀਭਾਂਤ ਜਾਣੂ ਹਨ।

ਮੰਤਰੀ ਨੇ ਜੀ.ਓ.ਜੀ. ਦੇ ਨੁਮਾਇੰਦੇ ਨੂੰ ਭਰੋਸਾ ਦਿਵਾਇਆ ਕਿ ਇਸ ਮੁੱਦੇ ’ਤੇ ਸਥਾਈ ਕਮੇਟੀ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ 30 ਅਪ੍ਰੈਲ ਤੱਕ ਸਮਾਂਬੱਧ ਢੰਗ ਨਾਲ ਜਾਣਕਾਰੀ ਸਾਰਿਆਂ ਨੂੰ ਦਿੱਤੀ ਜਾਵੇਗੀ।