ਚੰਡੀਗੜ੍ਹ, 21 ਨਵੰਬਰ | ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਨੇ ਘੱਟ ਬਾਰਿਸ਼ ਅਤੇ ਬਰਫਬਾਰੀ ਕਾਰਨ ਡੈਮ ‘ਚ ਪਾਣੀ ਦੀ ਕਮੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਨਾਲ ਹੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਵਰਗੇ ਮੈਂਬਰ ਰਾਜਾਂ ਨੂੰ ਪਾਣੀ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਡੈਮ ਵਿਚ ਸਟੋਰੇਜ ਅਤੇ ਇਨਫਲੋ ਦੋਵੇਂ ਹੀ ਆਮ ਪੱਧਰ ਤੋਂ ਬਹੁਤ ਘੱਟ ਚੱਲ ਰਹੇ ਹਨ।

ਪ੍ਰਾਪਤ ਅੰਕੜਿਆਂ ਅਨੁਸਾਰ ਭਾਖੜਾ ਅਤੇ ਪੌਂਗ ਡੈਮਾਂ ਵਿਚ ਪਾਣੀ ਦਾ ਪੱਧਰ ਚਿੰਤਾਜਨਕ ਤੌਰ ’ਤੇ ਡਿੱਗ ਗਿਆ ਹੈ। 20 ਨਵੰਬਰ ਨੂੰ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1,633 ਫੁੱਟ ਦਰਜ ਕੀਤਾ ਗਿਆ ਸੀ, ਜੋ ਪਿਛਲੇ ਸਾਲ ਨਾਲੋਂ 15 ਫੁੱਟ ਘੱਟ ਹੈ। ਵਰਤਮਾਨ ਵਿਚ ਭਾਖੜਾ ਡੈਮ ਆਪਣੀ ਕੁੱਲ ਸਮਰੱਥਾ ਦਾ ਸਿਰਫ਼ 63% ਹੀ ਸਟੋਰ ਕਰਨ ਦੇ ਸਮਰੱਥ ਹੈ।

ਪੌਂਗ ਡੈਮ ਵਿਚ ਪਾਣੀ ਦਾ ਪੱਧਰ 1,343 ਫੁੱਟ ਹੈ, ਜੋ ਪਿਛਲੇ ਸਾਲ ਨਾਲੋਂ 18 ਫੁੱਟ ਘੱਟ ਹੈ। ਪੌਂਗ ਜਲ ਭੰਡਾਰ ਦੀ ਹਾਲਤ ਵੀ ਮਾੜੀ ਹੈ, ਜਿਸ ਵਿਚ ਸਮਰੱਥਾ ਤੋਂ 50% ਘੱਟ ਪਾਣੀ ਦਾ ਭੰਡਾਰ ਹੈ, ਜੋ ਕਿ ਆਮ ਪੱਧਰ ਤੋਂ ਲਗਭਗ 15% ਘੱਟ ਹੈ।

ਬੀਬੀਐਮਬੀ ਦੇ ਅਨੁਸਾਰ ਪਾਣੀ ਦੀ ਆਮਦ ਵਿਚ ਕਮੀ ਦਾ ਮੁੱਖ ਕਾਰਨ ਇਸ ਸਾਲ ਮਾਨਸੂਨ ਦੀ ਬਾਰਸ਼ ਦੀ ਕਮੀ ਅਤੇ ਹਿਮਾਲਿਆ ਦੇ ਖੇਤਰਾਂ ਵਿਚ ਬਰਫ਼ਬਾਰੀ ਦੀ ਅਣਹੋਂਦ ਹੈ। ਪੱਛਮੀ ਹਿਮਾਲਿਆ ਵਿਚ ਹੁਣ ਤੱਕ ਕਾਫ਼ੀ ਬਰਫ਼ਬਾਰੀ ਨਹੀਂ ਹੋਈ ਹੈ। ਅਕਤੂਬਰ ਦੇ ਅੱਧ ਤੋਂ ਬਰਫਬਾਰੀ ਸ਼ੁਰੂ ਹੋਣ ਦੀ ਉਮੀਦ ਸੀ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ।

ਇਸ ਸਮੇਂ ਖੇਤਰ ਵਿਚ ਬਰਫ਼ ਦੀ ਮਾਤਰਾ ਲਗਭਗ ਇੱਕ ਅਰਬ ਘਣ ਮੀਟਰ ਹੋਣ ਦਾ ਅਨੁਮਾਨ ਹੈ, ਜੋ ਕਿ ਆਮ ਨਾਲੋਂ 30% ਘੱਟ ਹੈ। ਇਸ ਤੋਂ ਇਲਾਵਾ ਡੈਮ ਵਿਚ ਪਾਣੀ ਦੀ ਆਮਦ ਮੌਸਮੀ ਸਥਿਤੀਆਂ ਅਤੇ ਵਾਤਾਵਰਣ ਦੇ ਕਾਰਕਾਂ ‘ਤੇ ਨਿਰਭਰ ਕਰਦੀ ਹੈ, ਜੋ ਇਸ ਸਾਲ ਅਨੁਕੂਲ ਨਹੀਂ ਰਹੇ ਹਨ।

ਬਿਜਲੀ ਉਤਪਾਦਨ ਅਤੇ ਸਿੰਚਾਈ ‘ਤੇ ਅਸਰ ਪਵੇਗਾ

ਇਸ ਜਲ ਸੰਕਟ ਦਾ ਸਿੱਧਾ ਅਸਰ ਸਿੰਚਾਈ, ਘਰੇਲੂ ਜਲ ਸਪਲਾਈ ਅਤੇ ਬਿਜਲੀ ਉਤਪਾਦਨ ‘ਤੇ ਪੈ ਸਕਦਾ ਹੈ। ਭਾਖੜਾ ਅਤੇ ਪੌਂਗ ਡੈਮਾਂ ਤੋਂ ਸਿੰਚਾਈ ਲਈ ਪਾਣੀ ਦੀ ਸੀਮਤ ਵਰਤੋਂ ਕਾਰਨ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਖਾਸ ਕਰ ਕੇ ਕਣਕ ਦੀ ਕਾਸ਼ਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਖਤਰੇ ਵਿਚ ਹੈ। ਇਸ ਤੋਂ ਇਲਾਵਾ ਡੈਮ ਤੋਂ ਪਣ-ਬਿਜਲੀ ਦੇ ਉਤਪਾਦਨ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਊਰਜਾ ਸੰਕਟ ਪੈਦਾ ਹੋ ਸਕਦਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)